ਚੰਡੀਗੜ੍ਹ, 14 ਮਈ – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ 74ਵਾਂ ਦਿਨ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕੀਤੀ। ਇਸ ਦੌਰਾਨ 156 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ। ਉਨ੍ਹਾਂ ਕੋਲੋਂ 1.9 ਕਿਲੋ ਹੈਰੋਇਨ, 1.5 ਕਿਲੋ ਅਫ਼ੀਮ ਅਤੇ ₹57,920 ਨਕਦ ਰਕਮ ਬਰਾਮਦ ਹੋਈ।
ਇਸਦੇ ਇਲਾਵਾ, ਸੂਬੇ ਭਰ ‘ਚ ਹੁਣ ਤੱਕ 11,051 ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਹ ਅੰਕੜੇ ਸਾਬਤ ਕਰਦੇ ਹਨ ਕਿ ਇਹ ਮੁਹਿੰਮ ਹਰੇਕ ਪੱਧਰ ’ਤੇ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ।
ਇਹ ਓਪਰੇਸ਼ਨ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੂਬੇ ਦੇ 28 ਜ਼ਿਲ੍ਹਿਆਂ ਵਿੱਚ ਇਕੱਠੇ ਚਲਾਇਆ ਗਿਆ। ਉੱਥੇ ਹੀ, ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਪੁਲਿਸ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਸ਼ਾ ਮੁਕਤ ਪੰਜਾਬ ਦੀ ਨੀਤੀ ‘ਤੇ ਤੇਜ਼ੀ ਨਾਲ ਅਮਲ ਕਰਨ ਦੇ ਹੁਕਮ ਦਿੱਤੇ ਹਨ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ 87 ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਿਸ ਕਰਮਚਾਰੀ ਸ਼ਾਮਲ ਰਹੇ। ਉਨ੍ਹਾਂ ਵੱਲੋਂ 490 ਥਾਵਾਂ ’ਤੇ ਛਾਪੇ ਮਾਰੇ ਗਏ ਅਤੇ 125 ਐਫਆਈਆਰ ਦਰਜ ਹੋਈਆਂ।
ਇਸ ਨਾਲ ਨਾਲ, ਪੰਜਾਬ ਪੁਲਿਸ ਨੇ ਤਿੰਨ ਪੱਖੀ ਰਣਨੀਤੀ — ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਂਸ਼ਨ — ਤਹਿਤ ਕੰਮ ਕਰਦੇ ਹੋਏ 113 ਵਿਅਕਤੀਆਂ ਨੂੰ ਇਲਾਜ ਲਈ ਤਿਆਰ ਕੀਤਾ। ਇਹ ਲੋਕ ਹੁਣ ਨਸ਼ੇ ਤੋਂ ਬਾਹਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਹਨ।
ਨਾਲ ਹੀ ਨਾਲ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਇੱਕ 5 ਮੈਂਬਰੀ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ, ਜੋ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਕਰ ਰਹੀ ਹੈ।