ਪਟਿਆਲਾ, 14 ਅਗਸਤ (2026): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਲਿਖੀ ਗਈ ਇੱਕ ਅਹਿਮ ਚਿੱਠੀ ਸਾਹਮਣੇ ਆਈ ਹੈ। ਇਸ ਚਿੱਠੀ ਵਿੱਚ ਰਾਜੋਆਣਾ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਕਈ ਰਾਜਨੀਤਿਕ ਧਿਰਾਂ, ਅਖੌਤੀ ਪੰਥਕ ਆਗੂਆਂ ਅਤੇ ਨਿਸ਼ਾਨੇ ‘ਤੇ ਆਏ ਚਿਹਰਿਆਂ ‘ਤੇ ਗੰਭੀਰ ਦੋਸ਼ ਲਗਾਏ ਹਨ।
ਚਿੱਠੀ ਦੀ ਸ਼ੁਰੂਆਤ ਕਰਦਿਆਂ ਰਾਜੋਆਣਾ ਨੇ ਲਿਖਿਆ ਕਿ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਨੰਦੇੜ ਸਾਹਿਬ ਵਿਖੇ ਗੁਰੂ ਘਰਾਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਕੇ ਸੇਵਾ ਕਰ ਰਹੇ ਸਨ, ਜਿੱਥੇ ਉਨ੍ਹਾਂ ’ਤੇ ਹੋਇਆ ਹਮਲਾ ਅਤਿ ਨਿੰਦਣਯੋਗ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਗੁਰੂ ਦਾ ਕੋਈ ਵੀ ਸੱਚਾ ਸਿੱਖ ਗੁਰੂ ਘਰ ਵਿੱਚ ਸ਼ਰਧਾ ਨਾਲ ਆਏ ਕਿਸੇ ਵੀ ਵਿਅਕਤੀ ’ਤੇ ਕਦੇ ਹਮਲਾ ਨਹੀਂ ਕਰਦਾ, ਚਾਹੇ ਉਹ ਕਿੰਨਾ ਵੀ ਵੱਡਾ ਦੁਸ਼ਮਣ ਕਿਉਂ ਨਾ ਹੋਵੇ। ਇਹ ਹਮਲਾ ਗੁਰ ਮਰਿਆਦਾ, ਸਿੱਖ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਬਿਲਕੁਲ ਖ਼ਿਲਾਫ਼ ਹੈ ਅਤੇ ਇਸ ਦੀ ਪੂਰੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਸੁਖਬੀਰ ਬਾਦਲ ਦੀ ਸਿਹਤਯਾਬੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ।
ਰਾਜੋਆਣਾ ਨੇ ਚਿੱਠੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਪੂਰਦਿਆਂ ਕਿਹਾ ਕਿ ਸਾਰੇ ਧਰਮਾਂ ਅਤੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਅਕਾਲੀ ਦਲ ਹਮੇਸ਼ਾ ਹੀ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿੱਚ ਰੜਕਦਾ ਰਿਹਾ ਹੈ। ਪਾਰਟੀ ਨੂੰ ਕਮਜ਼ੋਰ ਕਰਨ ਲਈ ਇਸ ਦੇ ਆਗੂਆਂ ’ਤੇ ਪਹਿਲਾਂ ਵੀ ਹਮਲੇ ਹੁੰਦੇ ਰਹੇ ਹਨ, ਜਿਨ੍ਹਾਂ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ’ਤੇ ਹੋਏ ਜਾਨਲੇਵਾ ਹਮਲੇ, 1991 ਦੀਆਂ ਚੋਣਾਂ ਸਮੇਂ 28 ਅਕਾਲੀ ਉਮੀਦਵਾਰਾਂ ਦਾ ਕਤਲ ਅਤੇ ਹੁਣ ਸੁਖਬੀਰ ਬਾਦਲ ’ਤੇ ਵਾਰ-ਵਾਰ ਹੋ ਰਹੇ ਹਮਲੇ ਉਸੇ ਲੜੀ ਦਾ ਹਿੱਸਾ ਹਨ।
ਉਨ੍ਹਾਂ ਅੱਗੇ ਲਿਖਿਆ ਕਿ ਜਿਨ੍ਹਾਂ ਬੇਗੈਰਤ ਲੋਕਾਂ ਦੀ ਗੈਰਤ ਟੈਂਕਾਂ ਅਤੇ ਤੋਪਾਂ ਨਾਲ ਢਹਿ-ਢੇਰੀ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਨੂੰ ਦੇਖ ਕੇ ਨਹੀਂ ਜਾਗੀ, ਉਹ ਅੱਜ ਨੀਲੀਆਂ ਪੱਗਾਂ ਬੰਨ੍ਹ ਕੇ ਵੱਖ-ਵੱਖ ਅਕਾਲੀ ਦਲ ਦੇ ਧੜੇ ਖੜ੍ਹੇ ਕਰਕੇ ਖਾਲਸਾ ਪੰਥ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ। ਅੱਜ ਸੁਖਬੀਰ ਬਾਦਲ ’ਤੇ ਹੋਏ ਹਮਲੇ ਨੂੰ ਵਿਰੋਧੀ ਰਾਜਨੀਤਿਕ ਪਾਰਟੀਆਂ ਵੱਲੋਂ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਜੋੜ ਕੇ ਗੁਮਰਾਹ ਕੀਤਾ ਜਾ ਰਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ ਦੇ ਸਮੇਂ ਹੋਈਆਂ ਬੇਅਦਬੀਆਂ ਲਈ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜ਼ਿੰਮੇਵਾਰ ਹਨ, ਤਾਂ ਉਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਜ਼ਿੰਮੇਵਾਰ ਕਿਉਂ ਨਹੀਂ ਹਨ। ਉਨ੍ਹਾਂ ਅਖੌਤੀ ਪੰਥਕ ਆਗੂਆਂ ‘ਤੇ ਤੰਜ ਕੱਸਦਿਆਂ ਕਿਹਾ ਕਿ ਇਹ ਲੋਕ ਸਰਕਾਰਾਂ ਦੇਖ ਕੇ ਆਪਣੀਆਂ ਧਾਰਮਿਕ ਭਾਵਨਾਵਾਂ ਭੜਕਾਉਂਦੇ ਹਨ।
ਨਾਮ ਲਏ ਬਿਨਾਂ ਅੰਮ੍ਰਿਤਪਾਲ ਸਿੰਘ, ਦੀਪ ਸਿੱਧੂ ਅਤੇ ਡੇਰੇਦਾਰਾਂ ’ਤੇ ਨਿਸ਼ਾਨਾ ਸਾਧਦਿਆਂ ਰਾਜੋਆਣਾ ਨੇ ਲਿਖਿਆ ਕਿ ਸਿੱਖ ਵਿਰੋਧੀ ਏਜੰਸੀਆਂ ਵਿਕਾਊ ਕਲਮਾਂ ਨੂੰ ਖਰੀਦ ਕੇ ਝੂਠੀਆਂ ਕਿਤਾਬਾਂ ਅਤੇ ਮੈਗਜ਼ੀਨ ਛਪਵਾ ਕੇ ਸਾਜ਼ਿਸ਼ਾਂ ਰਚ ਰਹੀਆਂ ਹਨ। ਭੂੰਡ ਆਸ਼ਕਾਂ ‘ਤੇ ਚੋਲੇ ਪਵਾ ਕੇ ਉਨ੍ਹਾਂ ਨੂੰ ਸੰਤ ਬਣਾਉਣਾ, ਆਪਣੀ ਮਹਿਲਾ ਮਿੱਤਰ ਨਾਲ ਸ਼ਰਾਬ ਪੀ ਕੇ ਐਸ਼ਪ੍ਰਸਤੀ ਕਰ ਰਹੇ ਵਿਅਕਤੀ ਦੀ ਐਕਸੀਡੈਂਟ ਵਿੱਚ ਹੋਈ ਮੌਤ ਨੂੰ ਸ਼ਹਾਦਤ ਬਣਾਉਣਾ ਅਤੇ ਉਨ੍ਹਾਂ ਦੀਆਂ ਤਸਵੀਰਾਂ ਕੌਮੀ ਸ਼ਹੀਦਾਂ ਦੇ ਬਰਾਬਰ ਲਾ ਕੇ ਨੌਜਵਾਨਾਂ ਨੂੰ ਗੁਮਰਾਹ ਕਰਨਾ ਇਨ੍ਹਾਂ ਸਾਜ਼ਿਸ਼ਾਂ ਦੀ ਹੀ ਅਗਲੀ ਕੜੀ ਹੈ।
ਚਿੱਠੀ ਦੇ ਅਖੀਰ ਵਿੱਚ ਉਨ੍ਹਾਂ ਦਸੰਬਰ 2024 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸੁਖਬੀਰ ਬਾਦਲ ’ਤੇ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਗਏ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਦੇ ਜਥੇਦਾਰ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਕੋਈ ਕਾਰਵਾਈ ਨਾ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਰਾਜੋਆਣਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲੇ ਸ਼ਖ਼ਸ ਖ਼ਿਲਾਫ਼ ਪੰਥਕ ਰਵਾਇਤਾਂ ਅਤੇ ਪਰੰਪਰਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਗੁਰੂ ਘਰ ਦੀ ਮਰਿਆਦਾ ਕਾਇਮ ਰਹਿ ਸਕੇ।