ਨਵੀਂ ਦਿੱਲੀ, 02 ਸਤੰਬਰ:
ਕਾਰਪੋਰੇਟ ਜਗਤ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਸ਼ਨ ਦੇ ਵਧਦੇ ਪ੍ਰਭਾਵ ਕਾਰਨ ਨੌਕਰੀਆਂ ‘ਤੇ ਵੱਡਾ ਸੰਕਟ ਮੰਡਰਾ ਰਿਹਾ ਹੈ। ਇੱਕ ਰਿਪੋਰਟ ਅਨੁਸਾਰ 2026 ਦੇ ਪਹਿਲੇ ਅੱਠ ਮਹੀਨਿਆਂ ਵਿੱਚ ਹੀ ਏਆਈ ਕਾਰਨ 1.65 ਲੱਖ (165,000) ਤੋਂ ਵੱਧ ਨੌਕਰੀਆਂ ਪ੍ਰਭਾਵਿਤ ਹੋਈਆਂ ਹਨ, ਜੋ ਕਿ ਸਾਲ 2025 ਦੇ ਮੁਕਾਬਲੇ ਲਗਭਗ 65 ਫੀਸਦੀ ਦਾ ਵਾਧਾ ਦਰਸਾਉਂਦੀਆਂ ਹਨ। 55 ਤੋਂ ਵੱਧ ਕੰਪਨੀਆਂ ਦੇ ਸੀਈਓਜ਼ ਨੇ ਛਾਂਟੀ ਦਾ ਮੁੱਖ ਕਾਰਨ ਏਆਈ ਨੂੰ ਦੱਸਿਆ ਹੈ, ਜਿਸ ਵਿੱਚ ਆਈਟੀ ਤੋਂ ਇਲਾਵਾ ਬੈਂਕਿੰਗ, ਲੌਜਿਸਟਿਕਸ, ਕਾਨੂੰਨ, ਪ੍ਰਚੂਨ ਅਤੇ ਮੀਡੀਆ ਵਰਗੇ ਖੇਤਰ ਵੀ ਸ਼ਾਮਲ ਹਨ। ਅਮਾਜ਼ੋਨ, ਮੇਟਾ, ਮਾਈਕ੍ਰੋਸਾਫਟ, ਟੀਸੀਐਸ, ਡੈੱਲ ਅਤੇ ਇੰਟੈਲ ਵਰਗੀਆਂ ਪ੍ਰਮੁੱਖ ਕੰਪਨੀਆਂ ਇਸ ਲਿਸਟ ਵਿੱਚ ਆਉਂਦੀਆਂ ਹਨ।
ਇਸ ਦੌਰਾਨ, ਐਚਸੀਐਲ ਟੈਕਨਾਲੋਜੀਜ਼ ਦੇ ਸਾਬਕਾ ਸੀਈਓ ਅਤੇ ਸੰਪਰਕ ਫਾਊਂਡੇਸ਼ਨ ਦੇ ਸੰਸਥਾਪਕ ਵਿਨੀਤ ਨਾਇਰ ਨੇ ਏਆਈ ਕਾਰਨ ਹੋ ਰਹੀ ਛਾਂਟੀ ਦੀ ਤਿੱਖੀ ਆਲੋਚਨਾ ਕੀਤੀ ਹੈ। ਆਪਣੀ ਕਿਤਾਬ “ਹਿਊਮਨਜ਼ ਫਸਟ, ਮਸ਼ੀਨਜ਼ ਸੈਕਿੰਡ” ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਕ੍ਰਾਂਤੀ ਦੀ ਅਗਵਾਈ ਮਨੁੱਖਾਂ ਦੁਆਰਾ ਕੀਤੀ ਗਈ ਹੈ, ਇਸ ਲਈ ਕਰਮਚਾਰੀਆਂ ਨੂੰ ਡਿਸਪੋਜ਼ੇਬਲ ਵਸਤੂ ਨਹੀਂ ਸਮਝਣਾ ਚਾਹੀਦਾ। ਨਾਇਰ ਅਨੁਸਾਰ ਏਆਈ ਭਵਿੱਖ ਵਿੱਚ ਕੈਲਕੂਲੇਟਰ ਜਾਂ ਇੰਟਰਨੈਟ ਵਾਂਗ ਇੱਕ ਆਮ ਸਾਧਨ ਬਣ ਕੇ ਰਹਿ ਜਾਵੇਗਾ; ਅਸਲ ਲਾਭ ਸਿਰਫ਼ ਉਹੀ ਪ੍ਰਾਪਤ ਕਰਨਗੇ ਜੋ ਇਸ ਦੀ ਵਰਤੋਂ ਅਣਸੁਲਝੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਰਨਗੇ।