ਗੋਆ ਦੇ ਸ਼ਿਰਗਾਓਂ ਪਿੰਡ ਵਿੱਚ ਸਥਿਤ ਪ੍ਰਸਿੱਧ ਲੈਰਾਈ ਦੇਵੀ ਮੰਦਰ ਵਿੱਚ ‘ਜਾਤਰਾ’ ਦੌਰਾਨ ਭਗਦੜ ਮਚਣ ਕਾਰਨ ਭਿਆਨਕ ਹਫੜਾ-ਦਫੜੀ ਅਤੇ ਚੀਕਾਂ ਪੈ ਗਈਆਂ। ਇਸ ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਸ਼ਰਧਾਲੂ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਤੁਰੰਤ ਮਾਪੁਸਾ ਦੇ ਮੈਡੀਕਲ ਕਾਲਜ (ਜੀਐਮਸੀ) ਅਤੇ ਉੱਤਰੀ ਗੋਆ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਘਟਨਾ ਪਿਛਲੇ ਸ਼ੁੱਕਰਵਾਰ ਰਾਤ ਨੂੰ ਵਾਪਰੀ, ਜਦੋਂ ਲੈਰਾਈ ਦੇਵੀ ਦੀ ਰਵਾਇਤੀ ਯਾਤਰਾ ਦੌਰਾਨ ਹਜ਼ਾਰਾਂ ਲੋਕ ਇਕੱਠੇ ਹੋਏ ਹੋਏ ਸਨ। ਅਚਾਨਕ ਭੀੜ ਵਿੱਚ ਘਬਰਾਹਟ ਫੈਲ ਗਈ ਅਤੇ ਲੋਕਾਂ ਨੇ ਇੱਕ-ਦੂਜੇ ਨੂੰ ਧੱਕਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਭਗਦੜ ਦੀ ਸਥਿਤੀ ਪੈਦਾ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਉੱਤਰੀ ਗੋਆ ਜ਼ਿਲ੍ਹਾ ਹਸਪਤਾਲ ਅਤੇ ਬਿਚੋਲੀਮ ਹਸਪਤਾਲ ਦਾ ਦੌਰਾ ਕਰਕੇ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਨੂੰ ਪੂਰਾ ਇਲਾਜ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਲੈਰਾਈ ਦੇਵੀ ਯਾਤਰਾ ਗੋਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ਵਿੱਚੋਂ ਇੱਕ ਹੈ, ਜੋ ਹਰ ਸਾਲ ਮਈ ਦੀ ਸ਼ੁਰੂਆਤ ਵਿੱਚ ਸ਼ਿਰਗਾਓਂ ਪਿੰਡ ਵਿੱਚ ਮਨਾਈ ਜਾਂਦੀ ਹੈ। ਇਸ ਯਾਤਰਾ ਦਾ ਮੁੱਖ ਆਕਰਸ਼ਣ “ਧੋੜ” ਹੈ, ਜਿਸ ਵਿੱਚ ਸ਼ਰਧਾਲੂ ਬਲਦੇ ਅੰਗਾਰਾਂ ‘ਤੇ ਨੰਗੇ ਪੈਰੀਂ ਤੁਰਦੇ ਹਨ। ਇਹ ਪਰੰਪਰਾ “ਹੋਮਕੰਡ” ਦੇ ਨਾਂਅ ਨਾਲ ਜਾਣੀ ਜਾਂਦੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਲੈਰਾਈ ਦੇਵੀ ਦੀ ਅਗਨੀ ਪ੍ਰੀਖਿਆ ਨਾਲ ਜੁੜੀ ਹੋਈ ਹੈ। ਹਜ਼ਾਰਾਂ ਸ਼ਰਧਾਲੂ ਅਤੇ ਸੈਲਾਨੀ ਇਸ ਸਮਾਗਮ ਵਿੱਚ ਹਿੱਸਾ ਲੈਂਦੇ ਹਨ, ਜਿਸ ਕਰਕੇ ਭੀੜ ਦਾ ਦਬਾਅ ਵਧ ਜਾਂਦਾ ਹੈ।
ਭਗਦੜ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਸੁਰੱਖਿਆ ਪ੍ਰਬੰਧ ਹੋਰ ਵਧਾਉਣ ਦੇ ਹੁਕਮ ਦਿੱਤੇ ਗਏ ਹਨ।