ਪਰਾਲੀ ਪ੍ਰਬੰਧਨ ਮਸ਼ੀਨਾਂ ਲੈਣ ਦੇ ਚਾਹਵਾਨ ਕਿਸਾਨ 12 ਮਈ ਤੱਕ ਆਨਲਾਈਨ ਅਪਲਾਈ ਕਰਨ
ਝੋਨੇ ਦੀ ਲਵਾਈ 5 ਜੂਨ ਤੋਂ ਬਾਅਦ ਕੀਤੀ ਜਾਵੇ
ਤਰਨ ਤਾਰਨ, 22 ਅਪ੍ਰੈਲ
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਜਸਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ 22 ਅਪ੍ਰੈਲ ਨੂੰ ਵਿਸ਼ਵ ਪੱਧਰ ਤੇ ਮਨਾਏ ਜਾਂਦੇ ਧਰਤੀ ਦਿਵਸ ਦੀ ਮਹੱਤਤਾ ਸਬੰਧੀ ਬਲਾਕ ਪੱਟੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ,
ਹਰਮਨਦੀਪ ਕੌਰ ਏ ਡੀ ਓ, ਗੁਰਪ੍ਰੀਤ ਸਿੰਘ ਬੀ ਟੀ ਐਮ ਅਤੇ ਦਇਆ ਪ੍ਰੀਤ ਸਿੰਘ ਏ ਈ ਓ ਨੇ ਹਾਜਰੀਨ ਨੂੰ ਦੱਸਿਆ ਕਿ ਸਾਲ 2025 ਦੇ ਧਰਤੀ ਦਿਵਸ ਦਾ ਉਦੇਸ਼ ਸਾਡੀ ਊਰਜਾ, ਸਾਡਾ ਗ੍ਰਹਿ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਦਰਤ ਦੀ ਸਮੁੱਚੀ ਸ੍ਰਿਸ਼ਟੀ ਵਿੱਚ ਸਿਰਫ ਧਰਤੀ ਹੀ ਇੱਕੋ ਇੱਕ ਅਜਿਹਾ ਗ੍ਰਹਿ ਹੈ, ਜਿੱਥੇ ਮਨੁੱਖੀ ਜੀਵਨ ਸੰਭਵ ਹੈ।
ਪਰ ਮਨੁੱਖੀ ਬੇਪਰਵਾਹੀ ਨਾਲ ਇਸ ਅਨਮੋਲ ਤੋਹਫੇ ਨੂੰ ਤੇਜੀ ਨਾਲ ਬਰਬਾਦ ਕੀਤਾ ਜਾ ਰਿਹਾ ਹੈ। ਜਿਸ ਨਾਲ ਆਉਂਦੇ ਸਾਲਾਂ ਵਿੱਚ ਇਸ ਦੇ ਸਿੱਟੇ ਬਹੁਤ ਘਾਤਕ ਰੂਪ ਵਿੱਚ ਸਾਹਮਣੇ ਆ ਸਕਦੇ ਹਨ। ਰੁੱਖਾਂ ਦੀ ਕਟਾਈ, ਪਾਣੀ ਦੀ ਬਰਬਾਦੀ, ਵਾਹਨਾਂ , ਫੈਕਟਰੀਆਂ ਅਤੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਨਿਕਲਦੇ ਜ਼ਹਿਰੀਲੇ ਧੂੰਏਂ , ਰਸਾਇਣਿਕ ਖਾਦਾਂ ਅਤੇ ਜ਼ਹਿਰਾਂ ਦੀ ਦਿਨੋ ਦਿਨ ਵੱਧ ਰਹੀ ਵਰਤੋ ਚਿੰਤਾ ਦਾ ਕਾਰਨ ਹਨ। ਇਸ ਨਾਲ ਸਾਡੇ ਜਨ ਜੀਵਨ ਸਮੇਤ ਹੋਰਨਾਂ ਪ੍ਰਜਾਤੀਆਂ ਉੱਤੇ ਵੀ ਬਹੁਤ ਮਾਰੂ ਅਸਰ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਧਰਤੀ ਉੱਤੇ ਲਗਾਤਾਰ ਵਧ ਰਹੀ ਤਪਸ਼ ਅਤੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਜਰੂਰੀ ਹੈ, ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਅਨਾਜ਼ ਵਾਲੀਆਂ ਫਸਲਾਂ ਦੌਰਾਨ ਘਰੇਲੂ ਖਪਤ ਅਨੁਸਾਰ ਹੀ ਫਲੀਦਾਰ ਫਸਲਾਂ ਦੀ ਕਾਸ਼ਤ ਕੀਤੀ ਜਾਵੇ ਅਤੇ ਫਸਲੀ ਰਹਿਦ-ਖੂੰਹਦ ਨੂੰ ਖੇਤਾਂ ਵਿੱਚ ਹੀ ਰਲਾਉਣ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ।
ਇਸ ਮੌਕੇ ਉਨਾਂ ਜਾਣਕਾਰੀ ਦਿੱਤੀ ਕਿ ਜੋ ਕਿਸਾਨ ਪਰਾਲੀ ਪ੍ਰਬੰਧਨ ਮਸ਼ੀਨਾਂ ਲੈਣ ਦੇ ਚਾਹਵਾਨ ਹਨ ਉਹ agrimachinerypb.com ਤੇ 12 ਮਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਮੌਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਦੋ ਤੋਂ ਤਿੰਨ ਸਾਲ ਬਾਅਦ ਮਿੱਟੀ ਪਰਖ ਕਰਾ ਲਈ ਜਾਵੇ। ਜੇਕਰ ਖੇਤਾਂ ਵਿੱਚ ਕੱਲਰ ਦੀ ਸਮੱਸਿਆ ਜਾਂ ਪਾਣੀ ਖਰਾਬ ਹੈ, ਉਥੇ ਜਿਪਸਮ ਦੀ ਵਰਤੋਂ ਕੀਤੀ ਜਾਵੇ। ਇਹ ਜਿਪਸਮ ਸਬਸਿਡੀ ਤੇ ਖੇਤੀਬਾੜੀ ਵਿਭਾਗ ਪਾਸ ਮੌਜੂਦ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ ਪਾਉਣ ਲਈ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਲਵਾਈ 5 ਜੂਨ ਤੋਂ ਪਹਿਲਾ ਨਾਂ ਕੀਤੀ ਜਾਵੇ।
ਉਨਾ ਕਿਹਾ ਕਿ ਝੋਨੇ ਦੀਆਂ ਵੱਧ ਸਮਾਂ ਲੈਣ ਵਾਲੀ ਕਿਸਮ ਪੂਸਾ 44 ਤੇ ਜਿੱਥੇ ਪਾਣੀ ਦੀ ਖਪਤ 15 ਤੋਂ 20 ਪ੍ਰਤੀਸ਼ਤ ਵੱਧ ਜਾਂਦੀ ਹੈ, ਉਥੇ ਕੀੜੇ ਮਕੌੜਿਆਂ ਦੇ ਹਮਲੇ ਦੀ ਵੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਤੇ ਸਰਕਾਰ ਵੱਲੋਂ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਸ ਮੌਕੇ ਪਰਾਲੀ ਪ੍ਰਬੰਧਨ ਕਰ ਰਹੇ ਸੂਝਵਾਨ ਕਿਸਾਨ ਸੁਰਜੀਤ ਸਿੰਘ ਚੀਮਾ ਕਲਾਂ, ਨਿਰਵੈਲ ਸਿੰਘ ਕੰਡਿਆਲਾ ਆਦਿ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਗੁਰਪ੍ਰਤਾਪ ਸਿੰਘ ਸਰਪੰਚ ਬੁਰਜ ਰਾਏ ਕੇ, ਤਲਵਿੰਦਰ ਸਿੰਘ ਸਰਪੰਚ ਸੈਦੋ ,ਜਸਵੀਰ ਸਿੰਘ ਸਰਪੰਚ ਰੱਤਾ ਗੁੱਦਾ, ਪ੍ਰਤਾਪ ਸਿੰਘ ਪੱਤੀ ਕਿਲਾ, ਖੇਤੀ ਉਪ ਨਿਰੀਖਕ ਬਲਰਾਜ ਸਿੰਘ, ਰਣਜੀਤ ਸਿੰਘ, ਗੁਰਸਿਮਰਨ ਸਿੰਘ ,ਨਿਸ਼ਾਨ ਸਿੰਘ ਅਤੇ ਫੀਲਡ ਵਰਕਰ ਦਿਲਬਾਗ ਸਿੰਘ, ਬਲਜੀਤ ਕੌਰ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।