‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫੈਸਲਾਕੁੰਨ ਦੌਰ ਵਿੱਚ: ਕੈਬਨਿਟ ਮੰਤਰੀਆਂ ਨੇ ਲੋਕਾਂ ਨੂੰ ਕੀਤਾ ਲਾਮਬੰਦ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਜਾਗਰੂਕਤਾ ਮੁਹਿੰਮ ਹੁਣ ਆਪਣੇ ਨਿਰਣਾਇਕ ਦੌਰ ਵਿੱਚ ਹੈ। ਹਰ ਪਿੰਡ, ਵਾਰਡ ਅਤੇ ਸ਼ਹਿਰੀ ਇਲਾਕੇ ਦੇ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।
ਮੁਹਿੰਮ ਨੂੰ ਜ਼ਮੀਨ ‘ਤੇ ਲਿਜਾਣ ਲਈ 6 ਕੈਬਨਿਟ ਮੰਤਰੀ — ਹਰਪਾਲ ਸਿੰਘ ਚੀਮਾ, ਲਾਲਜੀਤ ਭੁੱਲਰ, ਤਰੁਨਪ੍ਰੀਤ ਸੌਂਦ, ਹਰਦੀਪ ਮੁੰਡੀਆ, ਗੁਰਮੀਤ ਖੁੱਡੀਆ, ਬਰਿੰਦਰ ਗੋਇਲ — ਅਤੇ 19 ਵਿਧਾਇਕਾਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ।
ਮਾਨਸਾ ਵਿੱਚ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਧਰਮ ਅਤੇ ਪਰਿਵਾਰਵਾਦੀ ਰਾਜਨੀਤੀ ਕਰਕੇ ਨਸ਼ਿਆਂ ਨੇ ਜੜਾਂ ਫੜੀਆਂ। ਹੁਣ ਭਗਵੰਤ ਮਾਨ ਸਰਕਾਰ ਇਸ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਕਮਰਕੱਸ ਲੱਗੀ ਹੋਈ ਹੈ।
ਤਰਨ ਤਾਰਨ, ਲੁਧਿਆਣਾ, ਫਤਹਿਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੰਤਰੀਆਂ ਨੇ ਲੋਕਾਂ ਨੂੰ ਨਸ਼ੇ ਵਿਰੁੱਧ ਖੜ੍ਹੇ ਹੋਣ ਦਾ ਸੱਦਾ ਦਿੱਤਾ। ਪੁਲਿਸ ਨੂੰ ਤਸਕਰਾਂ ਵਿਰੁੱਧ ਤੁਰੰਤ ਕਾਰਵਾਈ ਲਈ ਆਜ਼ਾਦ ਹੱਥ ਦਿੱਤੇ ਗਏ ਹਨ।
ਫਤਹਿਗੜ੍ਹ ਸਾਹਿਬ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਕਿਹਾ ਕਿ “ਨਸ਼ਾ ਰਹਿਣ ਨਹੀਂ ਦੇਣਾ, ਪਾਣੀ ਜਾਣ ਨਹੀਂ ਦੇਣਾ।” ਪੰਜਾਬ ਦੇ ਪਾਣੀ ਦੀ ਰੱਖਿਆ ਵੀ ਮੁਹਿੰਮ ਦਾ ਅਹਿਮ ਹਿੱਸਾ ਹੈ। ਨੌਜਵਾਨੀ ਨੂੰ ਨਵੀਂ ਦਿਸ਼ਾ ਦੇਣ ਲਈ ਨਸ਼ਾ ਮੁਕਤੀ ਜ਼ਰੂਰੀ ਹੈ।
ਸਭੀ ਮੰਤਰੀਆਂ ਅਤੇ ਵਿਧਾਇਕਾਂ ਨੇ ਲੋਕਾਂ ਨੂੰ ਆਪਣੀ ਭੂਮਿਕਾ ਨਿਭਾਉਣ ਅਤੇ ਵਿਲੇਜ ਡਿਫੈਂਸ ਕਮੇਟੀਆਂ ਰਾਹੀਂ ਨਸ਼ਿਆਂ ਖਿਲਾਫ ਮਜ਼ਬੂਤ ਰਣਨੀਤੀ ਬਣਾਉਣ ਲਈ ਉਤਸ਼ਾਹਿਤ ਕੀਤਾ। ਨਸ਼ੇ ਦਾ ਵਪਾਰ ਕਰਨ ਵਾਲਿਆਂ ਵਿਰੁੱਧ ਕੋਈ ਢਿੱਲ ਨਹੀਂ ਵਰਤੀ ਜਾਵੇਗੀ।