ਟਮਾਟਰ ਦੀ ਫ਼ਸਲ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉ ਅਤੇ ਪੂਰਾ ਝਾੜ ਪਾਉ
April 22, 2025 5:54 PM
ਰਵਿਦਰ ਸਿੰਘ ਚੰਦੀ
ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਟਮਾਟਰ ਦੀ ਫ਼ਸਲ ਉਪਰ ਕਈ ਪ੍ਰਕਾਰ ਦੇ ਕੀੜੇ ਹਮਲਾ ਕਰਦੇ ਹਨ ਅਤੇ ਕਾਫੀ ਨੁਕਸਾਨ ਕਰਦੇ ਹਨ। ਚੰਗੇ ਝਾੜ ਲਈ ਇ੍ਹਨਾਂ ਦੀ ਪਹਿਚਾਣ ਅਤੇ ਰੋਕਥਾਮ ਕਰਨਾ ਅਤਿ ਜ਼ਰੂਰੀ ਹੈ।ਟਮਾਟਰ ਦੇ ਮੁੱਖ ਕੀੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੇ ਤਰੀਕੇ ਹੇਠਾਂ ਦਿੱਤੇ ਗਏ ਹਨ।
- ਫਲ ਦਾ ਗੜੂੰਆਂ: ਇਹ ਟਮਾਟਰ ਉੱਪਰ ਪਾਇਆ ਜਾਣ ਵਾਲਾ ਹਾਨੀਕਾਰਕ ਕੀੜਾ ਹੈ ਜੋ ਟਮਾਟਰ ਤੋਂ ਇਲਾਵਾ ਛੋਲੇ, ਨਰਮਾ, ਬਰਸੀਮ ਆਦਿ ਦਾ ਵੀ ਨੁਕਸਾਨ ਕਰਦਾ ਹੈ। ਸੁੰਡੀਆਂ ਪਹਿਲਾਂ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਬਾਅਦ ਵਿੱਚ ਇਹ ਸੁੰਡੀਆਂ ਵੱਡੀ ਅਵਸਥਾ ਵਿੱਚ ਫਲਾਂ ਵਿੱਚ ਮੋਰੀਆਂ ਕਰਕੇ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ। ਅਜਿਹੇ ਫਲ ਮੰਡੀਕਰਣ ਅਤੇ ਖਾਣ ਦੇ ਯੋਗ ਨਹੀਂ ਰਹਿੰਦੇ। ਇਸ ਨਾਲ ਝਾੜ ਦਾ ਵੀ ਕਾਫੀ ਨੁਕਸਾਨ ਹੋ ਜਾਂਦਾ ਹੈ।
ਫਲ ਦੇ ਗੜੂੰਏ ਦਾ ਹਮਲਾ
ਰੋਕਥਾਮ
ਕਾਣੇ ਫ਼ਲ ਤੋੜ ਕੇ ਜ਼ਮੀਨ ਵਿਚ ਦਬਾ ਦਿਉ।
ਇਸ ਦੀ ਰੋਕਥਾਮ ਲਈ 2 ਹਫਤੇ ਦੇ ਵਕਫੇ ਤੇ 3 ਛਿੜਕਾਅ ਫੁੱਲ ਪੈਣ ਸਮੇਂ ਕਰੋ। 60 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ 30 ਮਿਲੀਲਿਟਰ ਫੇਮ 480 ਐਸ ਐਲ (ਫਲੂਬੈਂਡੀਆਮਾਈਡ) ਜਾਂ 200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਛਿੜਕਾਅ ਤੋਂ ਪਹਿਲਾਂ ਮੰਡੀਕਰਣ ਯੋਗ ਅਤੇ ਪੱਕੇ ਹੋਏ ਫਲ ਤੋੜ ਲਵੋ।
ਕੋਰਾਜਨ ਦੇ ਛਿੜਕਾਅ ਤੋਂ 1 ਦਿਨ ਅਤੇ ਫੇਮ ਦੇ ਛਿੜਕਾਅ ਤੋਂ 3 ਦਿਨ ਉਡੀਕ ਦਾ ਸਮਾਂ ਰੱਖ ਕੇ ਫਲ ਤੋੜਣੇ ਚਾਹੀਦੇ ਹਨ।
- ਚੇਪਾ: ਇਹ ਕੀੜਾ ਪੱਤਿਆਂ ਦਾ ਰਸ ਚੂਸਦਾ ਹੈ, ਜਿਸ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਕਮਜ਼ੋਰ ਰਹਿ ਜਾਂਦੇ ਹਨ। ਹਮਲੇ ਕਾਰਨ ਨਵੀਆਂ ਕਰੂੰਬਲਾਂ ਮੁਰਝਾਅ ਜਾਂਦੀਆਂ ਹਨ। ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿੱਚੋਂ ਚੇਪੇ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ। ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਚੇਪੇ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ।
ਚੇਪੇ ਦਾ ਹਮਲਾ
- ਚਿੱਟੀ ਮੱਖੀ: ਇਹ ਬਹੁਫਸਲੀ ਕੀੜਾ ਹੈ ਜੋ ਕਿ ਫਸਲਾਂ ਤੋਂ ਇਲਾਵਾ ਨਦੀਨਾਂ ਉੱਪਰ ਵੀ ਪਾਇਆ ਜਾਂਦਾ ਹੈ। ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਜਿਸ ਨਾਲ ਝਾੜ ਤੇ ਵੀ ਕਾਫੀ ਮਾੜਾ ਅਸਰ ਪੈਂਦਾ ਹੈ। ਇਹ ਕੀੜਾ ਵਿਸ਼ਾਣੂ ਰੋਗ (ਪੱਤਾ ਮਰੋੜ ਵਿਸ਼ਾਣੂ) ਵੀ ਫੈਲਾਉਂਦਾ ਹੈ।
ਰੋਕਥਾਮ: ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥਿਆਨ 50 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਫਲ ਪੈਣ ਤੋਂ ਪਹਿਲਾਂ ਛਿੜਕੋ।
ਚਿੱਟੀ ਮੱਖੀ
Have something to say? Post your comment