ਮੋਹਾਲੀ, 4 ਮਈ – ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਕਿਹਾ ਹੈ ਕਿ “ਯੋਗਾ ਸਿਰਫ਼ ਸਰੀਰਕ ਨਹੀਂ, ਸਗੋਂ ਮਾਨਸਿਕ ਤਣਾਅ ਘੱਟ ਕਰਨ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ।”
ਉਨ੍ਹਾਂ ਦੱਸਿਆ ਕਿ ਯੋਗਾ ਕਰਕੇ ਮਨੁੱਖੀ ਸਰੀਰ ਤੰਦਰੁਸਤ ਅਤੇ ਮਨ ਸ਼ਾਂਤ ਰਹਿੰਦਾ ਹੈ। ਉਨ੍ਹਾਂ ਮੁਤਾਬਕ, ਮੋਹਾਲੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਫ਼ਤ ਯੋਗ ਸ਼ਲਾਵਾਂ ਮੁਹਿੰਮ ਤੋਂ ਸੈਂਕੜੇ ਲੋਕ ਲਾਭ ਉਠਾ ਰਹੇ ਹਨ।
ਪ੍ਰਤਿਮਾ ਡਾਵਰ ਨੇ ਕਿਹਾ ਕਿ ਕਈ ਘਰੇਲੂ ਔਰਤਾਂ, ਜਿਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਸਿਰਫ਼ ਘਰ ਦੇ ਕੰਮਾਂ ਤੱਕ ਸੀਮਿਤ ਸੀ, ਹੁਣ ਆਪਣੀ ਸਿਹਤ ਲਈ ਸਮਾਂ ਕੱਢ ਰਹੀਆਂ ਹਨ। ਉਨ੍ਹਾਂ ਨੇ ਦੱਸਿਆ, “ਕਈ ਔਰਤਾਂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਯੋਗਾ ਕਲਾਸਾਂ ਵਿੱਚ ਜਾਣਾ ਸ਼ੁਰੂ ਕੀਤਾ, ਉਨ੍ਹਾਂ ਦੀ ਰੁਟੀਨ ਬਦਲੀ ਹੈ ਅਤੇ ਬਹੁਤ ਬਿਹਤਰੀ ਮਹਿਸੂਸ ਹੋਈ ਹੈ।”
ਯੋਗ ਟ੍ਰੇਨਰ ਸੰਜੇ ਸਲੂਜਾ ਮੋਹਾਲੀ ਵਿੱਚ ਹਰੇਕ ਦਿਨ ਛੇ ਕਲਾਸਾਂ ਚਲਾ ਰਹੇ ਹਨ:
ਫੇਜ਼ 11: ਸਵੇਰੇ 6:00 ਤੋਂ 7:00
ਫੇਜ਼ 10: ਸਵੇਰੇ 7:05 ਤੋਂ 8:05
ਸੈਕਟਰ 66: ਸਵੇਰੇ 8:15 ਤੋਂ 9:15
ਸੈਕਟਰ 48C: ਸਵੇਰੇ 10:45 ਤੋਂ 11:45
ਫੇਜ਼ 11: ਸ਼ਾਮ 4:50 ਤੋਂ 5:50
ਫੇਜ਼ 10: ਸ਼ਾਮ 6:00 ਤੋਂ 7:00
ਉਨ੍ਹਾਂ ਕਿਹਾ ਕਿ “ਕਲਾਸਾਂ ਵਿੱਚ ਸ਼ਾਮਲ ਹੋ ਰਹੇ ਕਈ ਵਿਅਕਤੀਆਂ ਨੂੰ ਸਟ੍ਰੈਸ, ਸਰਵਾਈਕਲ ਦਰਦ, ਗੋਡਿਆਂ ਦੀ ਸਮੱਸਿਆ ਅਤੇ ਇਨਸੌਮਨੀਆ (ਨੀਂਦ ਦੀ ਕਮੀ) ਤੋਂ ਰਾਹਤ ਮਿਲੀ ਹੈ।”
ਬਹੁਤ ਸਾਰੇ ਵਿਅਕਤੀਆਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਯੋਗਾ ਰਾਹੀਂ ਵੱਡਾ ਬਦਲਾਅ ਆਇਆ ਹੈ। ਘਰੇਲੂ ਔਰਤਾਂ ਤੋਂ ਲੈ ਕੇ ਸੀਨੀਅਰ ਸਿਟੀਜ਼ਨ ਤਕ, ਹਰ ਉਮਰ ਦੇ ਲੋਕ ਕਹਿ ਰਹੇ ਹਨ ਕਿ ਉਹ ਹੁਣ ਆਪਣੀ ਸਿਹਤ ਲਈ ਸਮਾਂ ਨਿਕਾਲ ਰਹੇ ਹਨ, ਜੋ ਪਹਿਲਾਂ ਕਦੇ ਨਹੀਂ ਕੀਤਾ।
ਪ੍ਰਤਿਮਾ ਡਾਵਰ ਨੇ ਆਖ਼ਰ ਵਿੱਚ ਕਿਹਾ, “ਸਾਡਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਯੋਗਾ ਨਾਲ ਜੋੜ ਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣਾ ਹੈ।”