ਚੰਡੀਗੜ੍ਹ, 23 ਅਪ੍ਰੈਲ 2025 – ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਸਰਕਾਰ ਹਰਕਤ ‘ਚ ਆ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਰਿਹਾਇਸ਼ ‘ਤੇ ਉੱਚ ਪੱਧਰੀ ਸੁਰੱਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਸੂਬੇ ਦੇ ਸਾਰੇ ਸੈਰ-ਸਪਾਟਾ ਸਥਾਨਾਂ ‘ਤੇ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ ਪੰਜਾਬ ਪੁਲਿਸ ਅਲਰਟ ‘ਤੇ ਹੈ।
ਮਾਨ ਨੇ ਕਿਹਾ ਕਿ ਕਸ਼ਮੀਰ ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਯਤਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸੈਰ-ਸਪਾਟਾ ਵਿਭਾਗ ਉਨ੍ਹਾਂ ਨੂੰ ਪਠਾਨਕੋਟ ਰਾਹੀਂ ਘਰ ਲਿਆਵੇਗਾ। ਕਸ਼ਮੀਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿਚ ਹਨ।
ਐਂਟੀ ਡਰੋਨ ਸਿਸਟਮ ਲਾਂਚ ਹੋਵੇਗਾ ਜਲਦ
ਡੀਜੀਪੀ ਨੇ ਐਲਾਨ ਕੀਤਾ ਕਿ ਸਰਹੱਦੀ ਖ਼ਤਰੇ ਨੂੰ ਦੇਖਦਿਆਂ ਜਲਦੀ ਹੀ ਐਂਟੀ ਡਰੋਨ ਸਿਸਟਮ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਵੀ ਕਿਹਾ ਕਿ ਅੱਜ ਅੱਤਵਾਦੀ, ਗੈਂਗਸਟਰ ਅਤੇ ਤਸਕਰ ਇਕੱਠੇ ਹੋ ਗਏ ਹਨ ਅਤੇ ਡਰੋਨਾਂ ਰਾਹੀਂ ਹਥਿਆਰ, ਨਸ਼ਾ ਤੇ ਪੈਸਾ ਭੇਜ ਰਹੇ ਹਨ।
ਡਰੋਨ ਨੀਤੀ ਬਣਾਉਣ ਦੀ ਮੰਗ
ਮਾਨ ਨੇ ਕੇਂਦਰ ਸਰਕਾਰ ਅੱਗੇ ਡਰੋਨ ਨੀਤੀ ਦੀ ਮੰਗ ਰੱਖੀ, ਤਾਕਿ ਉਨ੍ਹਾਂ ਦੇ ਮਾਲਕਾਂ ਦੀ ਪਛਾਣ ਹੋ ਸਕੇ। ਉਨ੍ਹਾਂ ਕਿਹਾ, “ਮੋਬਾਈਲ ਸਿਮ ਲਈ ਦਸਤਾਵੇਜ਼ ਲੋੜੀਂਦੇ ਹਨ, ਪਰ ਡਰੋਨ ਅਜੇ ਵੀ ਬੇਰੋਕ ਟੋਕ ਉੱਡ ਰਹੇ ਹਨ।”
ਨਸ਼ਾ ਮਾਮਲੇ ‘ਚ ਬੁਲਡੋਜ਼ਰ ਕਾਰਵਾਈ
ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਐਲਾਨ ਕੀਤਾ ਕਿ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹੋਣਗੇ ਅਤੇ ਇਜਾਜ਼ਤ ਮਿਲਣ ‘ਤੇ ਨਸ਼ਾ ਤਸਕਰਾਂ ਦੀ ਜਾਇਦਾਦ ‘ਤੇ ਬੁਲਡੋਜ਼ਰ ਚਲਾਇਆ ਜਾਵੇਗਾ।
ਸਰਹੱਦੀ ਖ਼ਤਰੇ ‘ਚ ਨਹੀਂ ਹੋਵੇਗੀ ਢਿੱਲ
ਪੰਜਾਬ ਦੀ ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਦੇਖਦਿਆਂ ਇਹ ਮੀਟਿੰਗ ਖਾਸ ਅਹਿਮ ਮੰਨੀ ਜਾ ਰਹੀ ਹੈ। ਪੁਲਿਸ ਕੇਂਦਰੀ ਏਜੰਸੀਆਂ ਅਤੇ ਗੁਆਂਢੀ ਰਾਜਾਂ ਦੇ ਇਨਪੁਟ ‘ਤੇ ਕੰਮ ਕਰ ਰਹੀ ਹੈ।