ਚੰਡੀਗੜ੍ਹ/ਨੰਗਲ (2 ਮਈ 2025):
ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਨੰਗਲ ਡੈਮ ਦਾ ਲਗਾਤਾਰ ਦੂਜੇ ਦਿਨ ਦੌਰਾ ਕਰਦਿਆਂ ਵਾਧੂ ਪਾਣੀ ਨੂੰ ਹਰਿਆਣਾ ਨੂੰ ਦੇਣ ਤੋਂ ਰੋਕਣ ਲਈ ਕ਼ਦਮ ਚੁੱਕੇ। ਉਨ੍ਹਾਂ ਨੇ ਡੈਮ ਦੇ ਇੰਚਾਰਜ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਕਿ ਪੰਜਾਬ ਦੇ ਹਿੱਸੇ ਦਾ ਕੋਈ ਵੀ ਵਾਧੂ ਪਾਣੀ ਕਿਸੇ ਹੋਰ ਸੂਬੇ ਨੂੰ ਨਾ ਦਿੱਤਾ ਜਾਵੇ।
ਹਰਜੋਤ ਬੈਂਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਹਿੱਤਾਂ ਖ਼ਿਲਾਫ਼ ਧੋਖੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਪੰਜਾਬ ‘ਚ ਹੋਣ ਦੇ ਬਾਵਜੂਦ, ਕਈ ਪਿੰਡ ਅਜੇ ਵੀ ਪਾਣੀ ਲਈ ਤਰਸ ਰਹੇ ਹਨ। ਪਾਈਪਲਾਈਨ ਅਤੇ ਸਾਰਥਰ ਸਕੀਮਾਂ ਰਾਹੀਂ 10,000 ਪਿੰਡਾਂ ਨੂੰ ਲਾਭ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਜਦ ਪਾਣੀ ਵਾਧੂ ਸੀ, ਤਦ ਹਰਿਆਣਾ ਨੇ ਲੈਣ ਤੋਂ ਇਨਕਾਰ ਕੀਤਾ। ਹੁਣ ਜਦ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਹੈ, ਤਾਂ ਪੰਜਾਬ ਦੂਜੇ ਸੂਬਿਆਂ ਨੂੰ ਪਾਣੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਪਾਣੀ ਸਾਡੀ ਜੀਵਨ ਰੇਖਾ ਹੈ, ਅਤੇ “ਇੱਕ ਬੂੰਦ ਵੀ ਸਾਂਝੀ ਨਹੀਂ ਹੋਵੇਗੀ।”
ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ, ਹੁਣ ਉਹ ਆਪਣੇ ਹੱਕਾਂ ਲਈ ਡਟ ਕੇ ਖੜ੍ਹੇ ਹਨ।