ਹਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪ੍ਰੀਖਿਆ ਵਿੱਚ ਅੱਵਲ ਆਵੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰੇ। ਇਹ ਚਾਹਤ ਕੁਦਰਤੀ ਹੈ, ਪਰ ਜਦੋਂ ਇਹ ਉਮੀਦਾਂ ਬੱਚੇ ਦੀ ਸਮਰੱਥਾ ਤੋਂ ਪਰੇ ਹੋ ਜਾਂਦੀਆਂ ਹਨ, ਤਾਂ ਇਹ ਬੱਚੇ ਲਈ ਤਣਾਅ ਅਤੇ ਦਬਾਅ ਦਾ ਕਾਰਨ ਬਣ ਜਾਂਦੀਆਂ ਹਨ। ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਬੱਚਾ ਵੱਖਰਾ ਹੁੰਦਾ ਹੈ ਅਤੇ ਉਸ ਦੀਆਂ ਰੁਚੀਆਂ, ਯੋਗਤਾਵਾਂ ਅਤੇ ਟੀਚੇ ਵੀ ਵੱਖਰੇ ਹੋ ਸਕਦੇ ਹਨ।
ਪ੍ਰੀਖਿਆਵਾਂ ਦੇ ਮੌਸਮ ਵਿੱਚ ਵਿਦਿਆਰਥੀਆਂ ‘ਤੇ ਅੰਕਾਂ ਦੀ ਦੌੜ ਹਾਵੀ ਹੋ ਜਾਂਦੀ ਹੈ। ਜੇਕਰ ਇਹ ਮੰਨ ਲਿਆ ਜਾਵੇ ਕਿ ਅੰਕ ਹੀ ਸਭ ਕੁਝ ਹਨ, ਤਾਂ ਇਹ ਤਣਾਅ ਨੂੰ ਖ਼ਤਰਨਾਕ ਪੱਧਰ ‘ਤੇ ਪਹੁੰਚਾ ਦਿੰਦਾ ਹੈ। ਅੰਕ ਮਹੱਤਵਪੂਰਨ ਹਨ, ਪਰ ਇਹ ਜ਼ਿੰਦਗੀ ਦਾ ਅੰਤਮ ਟੀਚਾ ਨਹੀਂ ਹੋ ਸਕਦੇ। ਹਰ ਵਿਦਿਆਰਥੀ ਟਾਪ ਨਹੀਂ ਕਰ ਸਕਦਾ, ਪਰ ਹਰ ਵਿਦਿਆਰਥੀ ਕੁਝ ਵਿਲੱਖਣ ਕਰ ਸਕਦਾ ਹੈ।
ਅੰਕ ਸਿਰਫ਼ ਅਕਾਦਮਿਕ ਪ੍ਰਦਰਸ਼ਨ ਦਾ ਪੈਮਾਨਾ ਹਨ, ਪਰ ਇਹ ਕਿਸੇ ਦੀ ਪ੍ਰਤਿਭਾ ਜਾਂ ਯੋਗਤਾ ਦਾ ਪੂਰਾ ਅੰਦਾਜ਼ਾ ਨਹੀਂ ਦਿੰਦੇ। ਦੁਨੀਆਂ ਦੇ ਕਈ ਮਹਾਨ ਅਤੇ ਸਫਲ ਲੋਕਾਂ ਨੇ ਸਕੂਲੀ ਅੰਕਾਂ ਵਿੱਚ ਅੱਵਲ ਨਹੀਂ ਆਏ, ਪਰ ਆਪਣੀ ਯੋਗਤਾ ਅਤੇ ਟੀਚੇ ਨਾਲ ਉੱਚਾਈਆਂ ਹਾਸਲ ਕੀਤੀਆਂ। ਇਸ ਲਈ, ਵਿਦਿਆਰਥੀਆਂ ਨੂੰ ਚੰਗੇ ਅੰਕ ਲੈਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਪਰ ਅਸਲ ਧਿਆਨ ਆਪਣੀ ਯੋਗਤਾ ਅਤੇ ਰੁਚੀ ‘ਤੇ ਕੇਂਦਰਤ ਕਰਨਾ ਚਾਹੀਦਾ ਹੈ।
ਤਣਾਅ ਇੱਕ ਮਾਨਸਿਕ ਅਵਸਥਾ ਹੈ, ਜਿਸਦੇ ਲੱਛਣ ਹਨ:
ਉਦਾਸੀਨਤਾ
ਹੀਣ ਭਾਵਨਾ
ਦਿਲਚਸਪੀ ਦੀ ਘਾਟ
ਨੀਂਦ ਵਿੱਚ ਵਿਘਨ
ਭੁੱਖ ਨਾ ਲੱਗਣਾ
ਥਕਾਵਟ
ਇਕਾਗਰਤਾ ਦੀ ਘਾਟ
ਗੁੱਸਾ ਅਤੇ ਨਕਾਰਾਤਮਕ ਸੋਚ
ਆਤਮਵਿਸ਼ਵਾਸ ਦੀ ਘਾਟ
ਜੇਕਰ ਬੱਚੇ ਵਿੱਚ ਇਹ ਲੱਛਣ ਦਿਖਾਈ ਦੇਣ, ਤਾਂ ਮਾਪਿਆਂ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ।
ਮਾਪਿਆਂ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਉਹ ਆਪਣੇ ਬੱਚੇ ‘ਤੇ ਅਣਵਾਜਬ ਦਬਾਅ ਨਾ ਪਾਉਣ। ਉਨ੍ਹਾਂ ਨੂੰ ਆਪਣੇ ਬੱਚੇ ਦੇ ਵਿਵਹਾਰ ਨੂੰ ਸਮਝਣਾ ਚਾਹੀਦਾ ਹੈ ਅਤੇ ਜੇਕਰ ਤਣਾਅ ਦੇ ਸੰਕੇਤ ਮਿਲਣ, ਤਾਂ ਢੁਕਵੇਂ ਹੱਲ ਲੱਭਣ ਅਤੇ ਲੋੜ ਪਏ ਤਾਂ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਮਾਪਿਆਂ ਨੂੰ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਅਤੇ ਸਰੀਰਕ ਗਤੀਵਿਧੀਆਂ ਲਈ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਬੱਚਿਆਂ ਨੂੰ ਦੋਸਤਾਂ ਨਾਲ ਮਿਲਣ-ਜੁਲਣ ਲਈ ਪ੍ਰੇਰਿਤ ਕਰੋ।
ਪੜ੍ਹਾਈ ਦੇ ਵਿਚਕਾਰ ਕੁਝ ਸਮਾਂ ਖੇਡਾਂ ਜਾਂ ਸਰੀਰਕ ਕਸਰਤ ਲਈ ਨਿਕਾਲੋ।
ਬੱਚਿਆਂ ਨਾਲ ਖੁੱਲ੍ਹ ਕੇ ਗੱਲ-ਬਾਤ ਕਰੋ।
ਅੰਕਾਂ ਤੋਂ ਵੱਧ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਨੂੰ ਪਛਾਣੋ।
ਜੇਕਰ ਤਣਾਅ ਵਧੇ, ਤਾਂ ਮਨੋਵਿਗਿਆਨਕ ਮਾਹਰ ਦੀ ਸਲਾਹ ਲਓ।
ਅੰਕਾਂ ਦੀ ਦੌੜ ਵਿੱਚ ਆਪਣੇ ਆਪ ਨੂੰ ਨਾ ਗੁਆਓ। ਜ਼ਿੰਦਗੀ ਵਿੱਚ ਅੱਗੇ ਵਧਣ ਲਈ ਵਿਸ਼ਵਾਸ, ਯੋਗਤਾ ਅਤੇ ਸਕਾਰਾਤਮਕ ਸੋਚ ਜ਼ਰੂਰੀ ਹੈ। ਆਪਣੇ ਟੀਚੇ ਨੂੰ ਪਛਾਣੋ, ਉਸ ਵੱਲ ਅੱਗੇ ਵਧੋ ਅਤੇ ਅੰਕਾਂ ਨੂੰ ਸਿਰਫ਼ ਇੱਕ ਪੜਾਅ ਸਮਝੋ, ਅੰਤਮ ਟੀਚਾ ਨਹੀਂ।