ਲੋਕ ਰਾਜ ਪੰਜਾਬ
May 12, 2025 6:24 AM
*”ਪੰਜਾਬ ਲਈ ਇਨਸਾਫ਼” ਲੈਣ ਲਈ “ਲੋਕ-ਵਿਰੋਧ ਵਿਖਾਵੇ” ਅਰੰਭ*
*”ਬੀ.ਬੀ.ਐਮ.ਬੀ ਭੰਗ ਕਰੋ” ਦੀ ਮੰਗ ਨੂੰ ਲੈ ਕੇ “ਲੋਕ-ਵਿਰੋਧ ਵਿਖਾਵੇ” ਸ਼ੁਰੂ*
*ਪਟਿਆਲਾ, ਮਿਤੀ: 11 ਮਈ, 2025*
*”ਪੰਜਾਬ ਲਈ ਇਨਸਾਫ਼” ਅਤੇ “ਬੀਬੀਐਮਬੀ ਭੰਗ” ਕਰਵਾ ਕੇ, “ਨਦੀਆਂ ਅਤੇ ਡੈਮਾਂ ਦਾ ਕੰਟਰੋਲ ਪੰਜਾਬ ਨੂੰ” ਲੈਣ ਲਈ, ਪੰਜਾਬ ਵਿੱਚ ਜਨਤਕ ਵਿਰੋਧ ਵਿਖਾਵੇ ਸ਼ੁਰੂ ਹੋ ਗਏ ਹਨ।*
*ਕਿਉਂਕਿ “ਕੇਂਦਰ ਦਾ ਪੰਜਾਬ ਪ੍ਰਤੀ ਮਤਰੇਆ ਰਵਈਆ” ਹੈ, ਅਤੇ ਬੀਬੀਐਮਬੀ (ਭਾਖੜਾ ਬਿਆਸ ਪ੍ਰਬੰਧਨ ਬੋਰਡ) ਦਾ “ਗੈਰ-ਸੰਵਿਧਾਨਕ” ਅਤੇ ਪੰਜਾਬ ਵਿਰੁੱਧ “ਪੱਖਪਾਤੀ” ਮੰਨਿਆ ਜਾਂਦਾ ਪ੍ਰਬੰਧ, ਨਿੱਤ ਪ੍ਰਤੀ ਮਾਰੂ ਹੜ੍ਹਾਂ ਰਾਹੀਂ ਪੰਜਾਬ ਨੂੰ ਕਮਜ਼ੋਰ ਰੱਖਣ ਅਤੇ ਉਜਾੜਨ, ਦਰਿਆਈ ਪਾਣੀ ਖੋਹ ਕੇ ਪੰਜਾਬ ਨੂੰ ਮਾਰੂਥਲ ਬਣਾਉਣ ‘ਤੇ ਤੁੱਲਿਆ ਹੋਇਆ ਹੈ।*
*”ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਓ” ਦੇ ਮੁੱਦੇ ‘ਤੇ ਜਨਤਕ ਜਾਗਰੂਕਤਾ ਮੁਹਿੰਮ ਅਤੇ ਜਨਤਕ ਵਿਰੋਧ ਪ੍ਰਦਰਸ਼ਨ, ਸਿਵਲ ਸੋਸਾਇਟੀ ਮੰਚ; ਲੋਕ-ਰਾਜ’ ਪੰਜਾਬ ਦੁਆਰਾ, ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਹਨ।*
*ਇਸ ਲੋਕ-ਮੰਚ ਨੇ 5 ਮਈ ਦੇ ਪੰਜਾਬ ਵਿਧਾਨ ਸਭਾ ਦੇ ਮਤਿਆਂ ਨੂੰ “ਪਿੱਛਾਂਹ ਖਿੱਚੂ” ਅਤੇ ਆਤਮਘਾਤੀ ਕਹਿ ਕੇ ਜਨਤਕ ਤੌਰ ‘ਤੇ ਨਿੰਦਿਆ ਹੈ।*
*’ਲੋਕ-ਰਾਜ’ ਪੰਜਾਬ ਦਾ ਮੰਨਣਾ ਹੈ, ਕਿ ਵਿਧਾਨ ਸਭਾ ਦੇ ਮਤਿਆਂ ਨੇ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ, ਕਿਉਂਕਿ ਇਹ ਨੁਕਸਾਨ ਦਾਇਕ ਹਨ ਅਤੇ ਪੰਜਾਬ ਦੇ ਰਿਪੇਰੀਅਨ ਅਧਿਕਾਰਾਂ ਨਾਲ ਸਮਝੌਤਾ ਕਰਦੇ ਹਨ।*
*’ਲੋਕ-ਰਾਜ’ ਪੰਜਾਬ ਨੇ ਲੋਕਾਂ ਨੂੰ, ਪੰਜਾਬ ਦੇ ਹੱਕਾਂ ਲਈ ਖ਼ੁਦ ਲੜਨ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਕਿਉਂਕਿ ਵਿਧਾਨ ਸਭਾ ਦੇ ਸਭ ਚੁਣੇ ਹੋਏ ਮੈਂਬਰ, “ਪੰਜਾਬ ਦੀ ਜੀਵਨ ਰੇਖਾ” ਦਰਿਆਈ ਪਾਣੀ ਦੀ ਰੱਖਿਆ ਕਰਨ ਦੇ, ਆਪਣੇ ਫਰਜ਼ ਪ੍ਰਤੀ ਬੁਰੀ ਤਰ੍ਹਾਂ ਅਸਫਲ ਰਹੇ ਹਨ।*
*ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ “ਸੈਫੀ” ਵਿਦਿਆਰਥੀ ਜਥੇਬੰਦੀ ਦੀ ਅਗਵਾਈ ਹੇਠ, ਕੱਲ੍ਹ ਪੰਜਾਬੀ ਯੂਨੀਵਰਸਿਟੀ ਵਿਖੇ ਇਸ ਮੁੱਦੇ ਤੇ ਇੱਕ ਰੋਸ ਵਿਖਾਵਾ ਵੀ ਕੀਤਾ।*
*ਪੰਜਾਬ ਲਈ ਮਾਰੂ “ਹਿਦ-ਪਾਕ ਯੁੱਧ” ਟਲ ਜਾਣ ਅਤੇ “ਅਮਨ ਬਹਾਲ” ਹੋਣ ਦੀ ਬਣ ਰਹੀ ਸਥਿਤੀ ਦੀ ਆਸ ਦਾ ਸਵਾਗਤ ਕਰਦੇ ਹੋਏ, ਨਾਗਰਿਕਾਂ ਨੇ ਅੱਜ ਇੱਥੇ ਪੂਡਾ ਕੰਪਲੈਕਸ ਜੇਲ੍ਹ ਰੋੜ ਅਤੇ ਮਾਲ ਰੋੜ ਪਟਿਆਲਾ ਵਿਖੇ ਜਨਤਕ ਪ੍ਰਦਰਸ਼ਨਾਂ ਵਿੱਚ ਕੇਂਦਰ ਸਰਕਾਰ ਨੂੰ, ਯਾਦ ਦਿਵਾਇਆ ਕਿ ਰਾਸ਼ਟਰੀ ਰੱਖਿਆ ਅਤੇ ਖੁਰਾਕ ਸੁਰੱਖਿਆ ਲਈ ਅਤਿ ਮੁਸ਼ਕਿਲ ਸਮਿਆਂ ਪੰਜਾਬ ਦੀਆਂ ਬੇਮਿਸਾਲ ਕੁਰਬਾਨੀਆਂ ਹਨ। ਜਿਨ੍ਹਾਂ ਨੂੰ ਦੇਸ਼ ਹਿਤ ਵਿੱਚ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ, ਅਤੇ ਪੰਜਾਬ ਦੇ ਬਣਦੇ ਹੱਕ ਬਿਨਾ ਹੋਰ ਦੇਰੀ ਦੇ, ਦੇਣੇ ਚਾਹੀਦੇ ਹਨ।*
*ਉਨ੍ਹਾਂ ਮਹਿਸੂਸ ਕੀਤਾ, ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਕੇਂਦਰ ਨੂੰ, ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਅਤੇ ਡੈਮਾਂ ਉੱਪਰ “ਪੰਜਾਬ ਦੇ ਰਿਪੇਰੀਅਨ ਹੱਕ” ਪ੍ਰਤੀ ਲੰਮੇ ਸਮੇਂ ਤੋਂ ਹੋ ਰਹੇ ਅਨਿਆਂ ਨੂੰ ਦਰੁਸਤ ਕਰਨਾ, ਬੇਹਦ ਜ਼ਰੂਰੀ ਬਣ ਗਿਆ ਹੈ।*
*ਅੰਤਰਰਾਸ਼ਟਰੀ “ਰਿਪੇਰੀਅਨ ਸਿਧਾਂਤ” ਵਿਰੁੱਧ, ਕੇਂਦਰ ਨੇ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ਦਾ ਕੰਟਰੋਲ, ਗੈਰ-ਰਿਪੇਰੀਅਨ ਰਾਜਾਂ ਨੂੰ ਦਿੱਤਾ ਹੋਇਆ ਹੈ। ਡੈਮਾਂ ਦਾ ਬੇਅਸੂਲ ਕਾਰਜ ਪ੍ਰਬੰਧ, ਅਪਰਾਧਿਕ ਲਾਪਰਵਾਹੀ ਵਾਲਾ ਸਾਬਤ ਹੋਇਆ ਹੈ। ਜਿਸ ਬੇਰਹਿਮ ਅਤੇ ਨਾਲਾਇਕ ਪ੍ਰਬੰਧ ਨੇ, ਇੱਕ ਰਿਪੇਰੀਅਨ ਰਾਜ ਨੂੰ ਬਾਰ ਬਾਰ ਤਬਾਹਕੁਨ ਹੜ੍ਹਾਂ ਦੀ ਮਾਰ ਝਲਾਉਣ ਤੋਂ ਇਲਾਵਾ, ਅਗਲੇ ਦਹਾਕੇ ਤੱਕ ਹੀ, ਬੰਜਰ ਜ਼ਮੀਨ ਬਣਨ ਦੇ ਕੰਢੇ ‘ਤੇ ਪੁਚਾ ਦਿਤਾ ਹੈ।*
*ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪ੍ਰਮੁੱਖ ਨਾਗਰਿਕਾਂ ਨੇ ਜਨਤਕ ਪ੍ਰਦਰਸ਼ਨ ਕਰਕੇ ਮੰਗ ਕੀਤੀ, ਕਿ ਰਿਪੇਰੀਅਨ ਰਾਜ ਪੰਜਾਬ ਦੇ ਦਰਿਆਵਾਂ ਉੱਤੇ ਬਣੇ ਭਾਖੜਾ ਅਤੇ ਪੌਂਗ ਡੈਮਾਂ ਦਾ ਕੰਟਰੋਲ, ਬਿਨਾ ਹੋਰ ਦੇਰੀ ਦੇ, ਤੁਰੰਤ ਪੰਜਾਬ ਨੂੰ ਸੌਂਪਿਆ ਜਾਵੇ।*
*ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡੈਮਾਂ ਨੂੰ ਕੰਟਰੋਲ ਕਰਨਾ ਪੰਜਾਬ ਦਾ ਸਭ ਤੋਂ ਜਾਇਜ਼ ਕਾਨੂੰਨੀ ਕੁਦਰਤੀ ਹੱਕ ਹੈ। ਕਿਉਂਕਿ ਪੰਜਾਬ ਤੋਂ ਇਲਾਵਾ ਹੋਰ ਕੋਈ, ਇਸਦੇ ਦਰਿਆਵਾਂ ਅਤੇ ਡੈਮਾਂ ਤੋਂ ਛੱਡੇ ਜਾਂਦੇ ਪਾਣੀ ਦੇ ਵਿਨਾਸ਼ਕਾਰੀ ਹੜ੍ਹਾਂ ਦਾ ਸਾਹਮਣਾ ਨਹੀਂ ਕਰਦਾ। ਜਿਹੜੇ ਦਰਿਆਵਾਂ ਅਤੇ ਡੈਮਾਂ ‘ਤੇ ਇਸਦਾ ਕੋਈ ਕੰਟਰੋਲ ਹੀ ਨਹੀਂ ਹੈ।*
*ਬੇਇਨਸਾਫ਼ੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਡੈਮਾਂ ਦੇ ਮੌਜੂਦਾ ਬੇਅਸੂਲੇ ਪ੍ਰਬੰਧ ਨੇ, ਖੇਤੀ ਪ੍ਰਧਾਨ ਪੰਜਾਬ ਨੂੰ ਆਪਣੇ ਹੀ ਦਰਿਆਵਾਂ ਦੇ ਪਾਣੀਆਂ ਦੇ ਵੱਡੇ ਹਿੱਸੇ ਤੋਂ ਵੀ ਵਾਂਝਾ ਰੱਖਿਆ ਹੋਇਆ ਹੈ।*
*ਲੰਮੇ ਸਮੇਂ ਤੋਂ “ਖ਼ੇਤੀ ਪ੍ਰਧਾਨ ਪੰਜਾਬ” ਨੂੰ ਲੋੜੀਂਦਾ ਦਰਿਆਈ ਪਾਣੀ ਨਾ ਦੇ ਕੇ, ਆਪਣੀਆਂ ਫਸਲਾਂ ਨੂੰ ਧਰਤੀ ਹੇਠਲੇ ਪਾਣੀ ਨਾਲ ਸਿੰਜਣ” ਲਈ ਮਜ਼ਬੂਰ ਕੀਤਾ ਗਿਆ ਹੈ। ਜਿਸ ਕਾਰਨ ਧਰਤੀ ਹੇਠਲਾ “ਬਹੁਤ ਹੀ ਢੂੰਗਾ ਪੀਣ ਜੋਗਾ ਪਾਣੀ” ਵੀ ਮੁੱਕਣ ਕਿਨਾਰੇ ਪਹੁੰਚ ਚੁੱਕਾ ਹੈ।*
*ਚਿੰਤਾਜਨਕ ਪੱਧਰ ਤੱਕ ਘਟ ਚੁੱਕਾ ਪੀਣ ਵਾਲਾ ਬੇਸ਼ਕੀਮਤੀ ਪਾਣੀ ਜੇ, ਖੇਤੀ ਲਈ ਇਸੇ ਤਰਾਂ ਵਰਤਣਾ ਜਾਰੀ ਰਿਹਾ ਤਾਂ, ਮਾਹਿਰਾਂ ਦੇ ਪ੍ਰਕਾਸ਼ਿਤ ਅਧਿਐਨਾਂ ਦੇ ਅਨੁਸਾਰ, ਨੇੜਲੇ ਭਵਿੱਖ ਵਿੱਚ “ਪੰਜਾਬ ਨੂੰ ਬੰਜਰ ਜ਼ਮੀਨ ਵਿੱਚ ਬਦਲ ਦੇਵੇਗਾ ਅਤੇ ਪੰਜਾਬੀ ਪੀਣ ਵਾਲੇ ਪਾਣੀ ਲਈ ਵੀ ਤਰਸ ਜਾਣਗੇ।”*
*ਡਾ. ਮਨਜੀਤ ਸਿੰਘ ਰੰਧਾਵਾ,*
**ਪ੍ਰਧਾਨ ‘ਲੋਕ-ਰਾਜ’ ਪੰਜਾਬ*
*ਸਾਬਕਾ ਸੂਬਾ ਪ੍ਰਧਾਨ, ਪੀ ਸੀ ਐਮ ਐਸ ਐਸੋਸੀਏਸ਼ਨ ਪੰਜਾਬ*
*ਮੋਬ: 98723 27993.*
Have something to say? Post your comment