ਕੈਸ਼ ਸਕੈਂਡਲ ਮਾਮਲੇ ‘ਚ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੀ ਜਾਂਚ ਰਿਪੋਰਟ ਮੁੱਖ ਨਿਆਂਧੀਸ਼ (CJI) ਸੰਜੀਵ ਖੰਨਾ ਨੂੰ ਮਿਲ ਗਈ ਹੈ। ਇਹ ਜਾਂਚ ਤਿੰਨ ਮੈਂਬਰੀ ਕਮੇਟੀ ਨੇ ਕੀਤੀ, ਜਿਸ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮੁੱਖ ਨਿਆਂਮੂਰਤੀ ਜਸਟਿਸ ਸ਼ੀਲ ਨਾਗੂ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਨਿਆਂਮੂਰਤੀ ਜਸਟਿਸ ਜੀ.ਐਸ. ਸੰਧਾਵਾਲੀਆ ਅਤੇ ਕਰਨਾਟਕ ਹਾਈ ਕੋਰਟ ਦੀ ਜਸਟਿਸ ਅਨੂ ਸਿਵਰਾਮਨ ਸ਼ਾਮਲ ਸਨ।
ਇਹ ਮਾਮਲਾ 14-15 ਮਾਰਚ ਦੀ ਰਾਤ ਦਿੱਲੀ ਵਿੱਚ ਜਸਟਿਸ ਵਰਮਾ ਦੇ ਸਰਕਾਰੀ ਨਿਵਾਸ ‘ਤੇ ਲੱਗੀ ਅੱਗ ਤੋਂ ਬਾਅਦ ਉੱਥੋਂ ਮਿਲੀ ਨਕਦੀ ‘ਤੇ ਆਧਾਰਿਤ ਹੈ। ਅੱਗ ਬੁਝਾਉਣ ਦੌਰਾਨ ਉੱਥੋਂ ਲੱਖਾਂ ਰੁਪਏ ਦੀ ਅਣਪਛਾਤੀ ਨਕਦੀ ਮਿਲੀ ਸੀ, ਜਿਸ ਦੀ ਪੁਸ਼ਟੀ ਤਸਵੀਰਾਂ ਅਤੇ ਵੀਡੀਓ ਰਾਹੀਂ ਵੀ ਹੋਈ।
ਇਸ ਘਟਨਾ ਤੋਂ ਬਾਅਦ, ਜਸਟਿਸ ਵਰਮਾ ਦਾ ਦਿੱਲੀ ਹਾਈ ਕੋਰਟ ਤੋਂ ਇਲਾਹਾਬਾਦ ਹਾਈ ਕੋਰਟ ਵਿੱਚ ਤਬਾਦਲਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਤੋਂ ਨਿਆਂਇਕ ਕੰਮ ਵੀ ਵਾਪਸ ਲੈ ਲਿਆ ਗਿਆ। ਜਸਟਿਸ ਵਰਮਾ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਕਿਹਾ ਹੈ ਕਿ ਉਹ ਜਾਂ ਉਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਉੱਥੇ ਨਕਦੀ ਨਹੀਂ ਰੱਖੀ।
ਕਮੇਟੀ ਦੀ ਰਿਪੋਰਟ ਵਿੱਚ ਕੀ ਨਤੀਜੇ ਨਿਕਲੇ ਹਨ, ਇਹ ਹਾਲੇ ਸਾਹਮਣੇ ਨਹੀਂ ਆਇਆ। ਮਾਮਲੇ ਦੀ ਜਾਂਚ ਅਤੇ ਅਗਲੇ ਕਦਮ ਲਈ ਰਿਪੋਰਟ ਹੁਣ CJI ਕੋਲ ਹੈ।