Saturday, March 29, 2025

ਜੰਗਲੀ ਜਾਨਵਰਾਂ ਦੀਆਂ ਅਣਗਿਣਤ ਪ੍ਰਜਾਤੀਆਂ  ਅਲੋਪ ਹੋ ਗਈਆਂ ਹਨ ਜਾਂ ਅਲੋਪ ਹੋਣ ਦੇ ਕੰਢੇ ਹਨ

April 28, 2025 9:30 AM
Bird
ਜੰਗਲੀ ਜਾਨਵਰਾਂ ਦੀਆਂ ਅਣਗਿਣਤ ਪ੍ਰਜਾਤੀਆਂ  ਅਲੋਪ ਹੋ ਗਈਆਂ ਹਨ ਜਾਂ ਅਲੋਪ ਹੋਣ ਦੇ ਕੰਢੇ ਹਨ।
ਵਿਜੈ ਗਰਗ
ਜੰਗਲੀ ਜੀਵ ਸਾਡੀ ਧਰਤੀ ਦਾ ਅਨਿੱਖੜਵਾਂ ਅੰਗ ਹਨ ਪਰ ਆਪਣੇ ਨਿੱਜੀ ਹਿੱਤਾਂ ਤੇ ਵਿਕਾਸ ਦੇ ਨਾਂਅ ’ਤੇ ਮਨੁੱਖ ਨੇ ਉਨ੍ਹਾਂ ਦੇ ਕੁਦਰਤੀ ਬਸੇਰਿਆਂ ਨੂੰ ਬੇਰਹਿਮੀ ਨਾਲ ਉਜਾੜਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਤੇ ਬਨਸਪਤੀਆਂ ਦਾ ਵੀ ਸਫਾਇਆ ਕੀਤਾ ਹੈ ਧਰਤੀ ’ਤੇ ਆਪਣੀ ਹੋਂਦ ਬਣਾਈ ਰੱਖਣ ਲਈ ਮਨੁੱਖ ਨੂੰ ਕੁਦਰਤ ਵੱਲੋਂ ਦਿੱਤੀਆਂ ਉਹ ਸਭ ਚੀਜ਼ਾਂ ਦਾ ਆਪਸੀ ਸੰਤੁਲਨ ਬਣਾਈ ਰੱਖਣ ਦੀ ਲੋੜ ਹੁੰਦੀ ਹੈ, ਜੋ ਉਸ ਨੂੰ ਕੁਦਰਤੀ ਰੂਪ ਵਿੱਚ ਮਿਲਦੀਆਂ ਹਨ। ਇਸ ਨੂੰ ਈਕੋਸਿਸਟਮ ਵੀ ਕਿਹਾ ਜਾਂਦਾ ਹੈ। ਧਰਤੀ ’ਤੇ ਜੰਗਲੀ ਜਾਨਵਰਾਂ ਤੇ ਦੁਰਲੱਭ ਬਨਸਪਤੀਆਂ ਦੀਆਂ ਕਈ ਪ੍ਰਜਾਤੀਆਂ ਦਾ ਜੀਵਨ ਚੱਕਰ ਹੁਣ ਖ਼ਤਰੇ ਵਿੱਚ ਹੈ। ਜੰਗਲੀ ਜਾਨਵਰਾਂ ਦੀਆਂ ਅਣਗਿਣਤ ਪ੍ਰਜਾਤੀਆਂ ਜਾਂ ਤਾਂ ਅਲੋਪ ਹੋ ਗਈਆਂ ਹਨ ਜਾਂ ਅਲੋਪ ਹੋਣ ਦੇ ਕੰਢੇ ਹਨ।
ਵਾਤਾਵਰਣ ਸੰਕਟ ਦੇ ਚੱਲਦੇ ਜਿੱਥੇ ਦੁਨੀਆ ਭਰ ਵਿੱਚ ਜੀਵਾਂ ਦੀਆਂ ਅਨੇਕਾਂ ਪ੍ਰਜਾਤੀਆਂ ਦੇ ਅਲੋਪ ਹੋਣ ਨਾਲ ਜੰਗਲੀ ਜੀਵਾਂ ਦੀ ਵਿਭਿੰਨਤਾ ਦਾ ਵੱਡੇ ਪੱਧਰ ’ਤੇ ਸਫ਼ਾਇਆ ਹੋਇਆ ਹੈ, ਉੱਥੇ ਹਜ਼ਾਰਾਂ ਪ੍ਰਜਾਤੀਆਂ ਦੀ ਹੋਂਦ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਜੰਗਲੀ ਜੀਵ-ਜੰਤੂ ਤੇ ਉਨ੍ਹਾਂ ਦੀ ਵਿਭਿੰਨਤਾ ਅਰਬਾਂ ਸਾਲਾਂ ਤੋਂ ਧਰਤੀ ਉੱਤੇ ਜੀਵਨ ਦੇ ਨਿਰੰਤਰ ਵਿਕਾਸ ਦੀ ਪ੍ਰਕਿਰਿਆ ਦਾ ਆਧਾਰ ਰਹੇ ਹਨ। ਜੰਗਲੀ ਜਾਨਵਰ ਤੇ ਬਨਸਪਤੀ ਇਸ ਸੂਚੀ ਵਿੱਚ ਸ਼ਾਮਲ ਹਨ ਜਿਨ੍ਹਾਂ ਦਾ ਪਾਲਣ-ਪੋਸ਼ਣ ਮਨੁੱਖਾਂ ਦੁਆਰਾ ਨਹੀਂ ਕੀਤਾ ਜਾਂਦਾ। ਇਨ੍ਹਾਂ ਜੰਗਲੀ ਜਾਨਵਰਾਂ, ਬਨਸਪਤੀਆਂ ਤੇ ਉਨ੍ਹਾਂ ਦੇ ਨਿਵਾਸਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਨੂੰ ਜੰਗਲੀ ਜੀਵ ਸੰਭਾਲ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਦੀ ਸੰਭਾਲ ਲਈ ਸਮੇਂ-ਸਮੇਂ ’ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ।
ਵਿਸ਼ੇਸ਼ ਦਿਨ ਵੀ ਮਨਾਏ ਜਾਂਦੇ ਹਨ। ਜੀਵ-ਜੰਤੂਆਂ ਦੀਆਂ ਤਮਾਮ ਪ੍ਰਜਾਤੀਆਂ ਤੇ ਬਨਸਪਤੀਆਂ ਮਿਲ ਕੇ ਬਹੁਤ ਜ਼ਰੂਰੀ ਵਾਤਾਵਰਣਕ ਤੰਤਰ ਪ੍ਰਦਾਨ ਕਰਦੀਆਂ ਹਨ ਤੇ ਸਹੀ ਅਰਥਾਂ ਵਿੱਚ ਜੰਗਲੀ ਜੀਵ ਸਾਡੇ ਮਿੱਤਰ ਹਨ, ਇਸ ਲਈ ਉਨ੍ਹਾਂ ਦੀ ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ ਸਾਨੂੰ ਭਲੀ-ਭਾਂਤ ਇਹ ਸਮਝ ਲੈਣਾ ਚਾਹੀਦੈ ਕਿ ਇਸ ਧਰਤੀ ’ਤੇ ਜਿੰਨਾ ਹੱਕ ਸਾਡਾ ਹੈ ਉਨਾਂ ਹੀ ਇੱਥੇ ਜਨਮ ਲੈਣ ਵਾਲੇ ਹੋਰ ਜੀਵ-ਜੰਤੂਆਂ ਦਾ ਵੀ ਹੈ ਪਰ ਅੱਜ ਪ੍ਰਦੂਸ਼ਿਤ ਵਾਤਾਵਰਨ ਤੇ ਕੁਦਰਤ ਦੇ ਬਦਲਦੇ ਮਿਜ਼ਾਜ ਕਾਰਨ ਵੀ ਦੁਨੀਆਂ ਭਰ ਵਿਚ ਜੀਵ-ਜੰਤੂਆਂ ਤੇ ਹੋਰ ਵਨਸਪਤੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਦੀ ਹੋਂਦ ’ਤੇ ਦੁਨੀਆਂ ਭਰ ਵਿੱਚ ਸੰਕਟ ਮੰਡਰਾ ਰਿਹਾ ਹੈ ਜੰਗਲੀ ਜੀਵ ਜਾਗਰੂਕਤਾ ਤਹਿਤ ਬਨਸਪਤੀ ਤੇ ਜੀਵ-ਜੰਤੂਆਂ ਦੀ ਵਿਭਿੰਨਤਾ ’ਤੇ ਧਿਆਨ ਕੇਂਦਰਿਤ ਕਰਨਾ।
ਉਨ੍ਹਾਂ ਦੀ ਸੰਭਾਲ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣਾ, ਪੂਰੀ ਦੁਨੀਆ ਨੂੰ ਜੰਗਲੀ ਜੀਵ ਅਪਰਾਧਾਂ ਬਾਰੇ ਯਾਦ ਕਰਵਾਉਣਾ ਤੇ ਮਨੁੱਖ ਕਾਰਨ ਇਨ੍ਹਾਂ ਪ੍ਰਜਾਤੀਆਂ ਦੀ ਗਿਣਤੀ ਵਿੱਚ ਆਈ ਗਿਰਾਵਟ ਵਿਰੁੱਧ ਕਾਰਵਾਈ ਕਰਨ ਬਾਰੇ ਜਾਣਕਾਰੀ ਦੇਣਾ ਹੈ। ਵਾਤਾਵਰਣ ਸਮੱਸਿਆਵਾਂ ਅਤੇ ਕੁਦਰਤੀ ਆਫ਼ਤਾਂ ਦਾ ਨਤੀਜਾ ਪੂਰੀ ਦੁਨੀਆਂ ਪਿਛਲੇ ਕੁਝ ਦਹਾਕਿਆਂ ਤੋਂ ਗੰਭੀਰ ਦੇ ਰੂਪ ਵਿੱਚ ਵਾਤਾਵਰਣ ਅਸੰਤੁਲਨ ਦੇ ਨਤੀਜੇ ਵਜੋਂ ਦੇਖ ਰਹੀ ਹੈ ਤੇ ਭੁਗਤ ਰਹੀ ਹੈ। ਲਗਭਗ ਹਰ ਦੇਸ਼ ਵਿੱਚ ਕੁਝ ਅਜਿਹੇ ਜੰਗਲੀ ਜਾਨਵਰ ਪਾਏ ਜਾਂਦੇ ਹਨ, ਜੋ ਉਸ ਦੇਸ਼ ਦੇ ਜਲਵਾਯੂ ਦੀ ਵਿਸ਼ੇਸ਼ ਪਛਾਣ ਹੁੰਦੇ ਹਨ, ਪਰ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਤੇ ਹੋਰ ਮਨੁੱਖੀ ਗਤੀਵਿਧੀਆਂ ਕਾਰਨ, ਜੰਗਲੀ ਜਾਨਵਰਾਂ ਦੇ ਬਸੇਰੇ ਵੀ ਵੱਡੇ ਪੱਧਰ ’ਤੇ ਲਗਾਤਾਰ ਉੱਜੜ ਰਹੇ ਹਨ ਇਹੀ ਕਾਰਨ ਹੈ।
ਕਿ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਦੁਨੀਆਂ ਦੇ ਜੰਗਲੀ ਜੀਵਾਂ ਤੇ ਬਨਸਪਤੀਆਂ ਬਾਰੇ ’ਚ ਜਾਗਰੂਰਕਤਾ ਵਧਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਅਤੇ ਜਾਗਰੂਕ ਕਰਦੀ ਰਹਿੰਦੀ ਹੈ ਬ੍ਰਿਟਿਸ਼ ਕਾਲ ਤੋਂ ਹੀ ਭਾਰਤ ਵਿੱਚ ਜੰਗਲੀ ਜੀਵਾਂ ਦੀ ਰੱਖਿਆ ਅਤੇ ਬਚਾਅ ਲਈ ਕਾਨੂੰਨੀ ਪ੍ਰਬੰਧ ਕੀਤੇ ਗਏ ਹਨ, ਪਰ ਚਿੰਤਾ ਦੀ ਗੱਲ ਇਹ ਹੈ ਕਿ ਇਸ ਦੇ ਬਾਵਜ਼ੂਦ, ਪਿਛਲੀ ਸਦੀ ਵਿੱਚ ਜੰਗਲੀ ਜੀਵਾਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ। ਵਿਸ਼ਵ ਜੰਗਲੀ ਜੀਵ ਫੰਡ ਦੀ ‘ਲਿਵਿੰਗ ਪਲੈਨੇਟ ਰਿਪੋਰਟ 2024’ ਵਿੱਚ ਕੁਝ ਹੀ ਮਹੀਨੇ ਪਹਿਲਾਂ ਹੈਰਾਨ ਕਰਨ ਵਾਲਾ ਅਤੇ ਚਿੰਤਾਜਨਕ ਖੁਲਾਸਾ ਕੀਤਾ ਗਿਆ ਸੀ ਕਿ 1970 ਤੋਂ 2020 ਵਿਚਕਾਰ, ਜੰਗਲੀ ਜੀਵਾਂ ਦੀ ਆਬਾਦੀ ਵਿੱਚ 73 ਫੀਸਦੀ ਦੀ ਵਿਨਾਸ਼ਕਾਰੀ ਗਿਰਾਵਟ ਦਰਜ ਕੀਤੀ ਗਈ ਸੀ, ਜਿਸ ਵਿੱਚ ਥਣਧਾਰੀ ਜੀਵ, ਪੰਛੀ, ਉਭੈਚਰ, ਸੱਪ ਜਾਤੀ ਆਦਿ ਜੀਵ ਸ਼ਾਮਲ ਹਨ ਤਾਜ਼ੇ ਪਾਣੀ ਦੇ ਈਕੋਸਿਸਟਮ ਵਿੱਚ ਇਹ ਗਿਰਾਵਟ 85 ਫੀਸਦੀ ਰਹੀ ਹੈ।
ਹਰ ਦੋ ਸਾਲਾਂ ਬਾਅਦ ਪ੍ਰਕਾਸ਼ਿਤ ਹੋਣ ਵਾਲੀ ਇਹ ਰਿਪੋਰਟ ਦੱਸਦੀ ਹੈ ਕਿ ਦੁਨੀਆ ਭਰ ਵਿੱਚ ਜੰਗਲੀ ਜੀਵਾਂ ਦੀ ਅਬਾਦੀ ਕਿਵੇਂ ਪ੍ਰਭਾਵਿਤ ਹੋ ਰਹੀ ਹੈ। ਜੰਗਲੀ ਜੀਵਾਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ, ਦੇਸ਼ ਵਿੱਚ ਪਹਿਲੀ ਵਾਰ 1872 ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ‘ਵਾਈਲਡ ਐਲੀਫੈਂਟ ਪ੍ਰੋਟੈਕਸ਼ਨ ਐਕਟ’ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸੰਨ 1927 ਵਿੱਚ ਜੰਗਲੀ ਜੀਵਾਂ ਦੇ ਸ਼ਿਕਾਰ ਤੇ ਜੰਗਲਾਂ ਦੀ ਨਜਾਇਜ਼ ਕਟਾਈ ਨੂੰ ਅਪਰਾਧ ਮੰਨਦੇ ਹੋਏ ‘ਭਾਰਤੀ ਜੰਗਲਾਤ ਐਕਟ’ ਹੋਂਦ ਵਿਚ ਆਇਆ, ਜਿਸ ਦੇ ਤਹਿਤ ਸਜਾ ਦੀ ਤਜ਼ਵੀਜ ਕੀਤੀ ਗਈ ਹੈ ਦੇਸ਼ ਦੀ ਅਜ਼ਾਦੀ ਤੋਂ ਬਾਅਦ ਸੰਨ 1956 ਵਿੱਚ ‘ਭਾਰਤੀ ਜੰਗਲਾਤ ਐਕਟ’ ਪਾਸ ਕੀਤਾ ਗਿਆ ਤੇ 1972 ਵਿੱਚ ਦੇਸ਼ ਵਿੱਚ ਜੰਗਲੀ ਜੀਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਤੇ ਸ਼ਿਕਾਰ, ਤਸਕਰੀ ਤੇ ਗੈਰ-ਕਾਨੂੰਨੀ ਵਪਾਰ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ‘ਜੰਗਲੀ ਜੀਵ (ਸੁਰੱਖਿਆ) ਐਕਟ 1972’ ਲਾਗੂ ਕੀਤਾ ਗਿਆ ਸੀ।
ਸਾਲ 1983 ਵਿੱਚ ਜੰਗਲੀ ਜੀਵਾਂ ਦੀ ਸੰਭਾਲ ਲਈ ‘ਰਾਸ਼ਟਰੀ ਜੰਗਲੀ ਜੀਵ ਯੋਜਨਾ’ ਸ਼ੁਰੂ ਕੀਤੀ ਗਈ, ਜਿਸ ਦੇ ਤਹਿਤ ਜੰਗਲੀ ਜੀਵਾਂ ਨੂੰ ਮਨੁੱਖੀ ਕਬਜ਼ੇ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਪਾਰਕ ਬਣਾਏ ਗਏ ਸਨ। ਜਨਵਰੀ 2003 ਵਿੱਚ ਜੰਗਲੀ ਜੀਵ ਸੁਰੱਖਿਆ ਐਕਟ ਵਿੱਚ ਸੋਧ ਕੀਤੀ ਗਈ ਸੀ ਤੇ ਐਕਟ ਅਧੀਨ ਅਪਰਾਧਾਂ ਲਈ ਜੁਰਮਾਨੇ ਅਤੇ ਸਜ਼ਾਵਾਂ ਨੂੰ ਹੋਰ ਸਖ਼ਤ ਬਣਾਇਆ ਗਿਆ ਸੀ। ਹਾਲਾਂਕਿ, ਸਾਰਿਆਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੰਗਲੀ ਜੀਵਾਂ ਦੀ ਸੰਭਾਲ ਸਾਡੇ ਸਾਰਿਆਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੰਗਲੀ ਜੀਵਾਂ ਦੀ ਵਿਭਿੰਨਤਾ ਨਾਲ ਹੀ ਧਰਤੀ ਦਾ ਕੁਦਰਤੀ ਸੁੰਦਰ ਰੂਪ ਹੈ, ਇਸ ਲਈ ਅਲੋਪ ਹੁੰਦੇ ਪੌਦਿਆਂ, ਜੀਵ-ਜੰਤੂਆਂ ਦੀਆਂ ਅਨੇਕਾਂ ਪ੍ਰਜਾਤੀਆਂ ਦੀ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨ ਦੇ ਨਾਲ ਰੱਖਿਆ ਕਰਨਾ ਵਾਤਾਵਰਨ ਸੰਤੁਲਨ ਲਈ ਬੇਹੱਦ ਜ਼ਰੂਰੀ ਹੈ।
ਵਿਜੈ ਗਰਗ ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਵੀਸ਼ ਮਲੋਟ ਪੰਜਾਬ

Have something to say? Post your comment

More Entries

    None Found