ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਤੋਂ ਬਾਅਦ, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (AIMIM) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਪਾਕਿਸਤਾਨ ਵਿਰੁੱਧ ਕੜੇ ਕਦਮ ਚੁੱਕਣ ਦੀ ਮੰਗ ਕੀਤੀ ਅਤੇ ਭਾਰਤ ਸਰਕਾਰ ਵੱਲੋਂ ਸਿੰਧੂ ਜਲ ਸੰਧੀ ਨੂੰ ਰੋਕਣ ਦੇ ਫੈਸਲੇ ਦਾ ਸਵਾਗਤ ਕੀਤਾ। ਓਵੈਸੀ ਨੇ ਕਿਹਾ ਕਿ ਇਹ ਚੰਗਾ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਗਿਆ, ਪਰ ਉਨ੍ਹਾਂ ਇਹ ਵੀ ਪੁੱਛਿਆ ਕਿ ਜੇ ਪਾਣੀ ਪਾਕਿਸਤਾਨ ਨੂੰ ਨਹੀਂ ਦਿੰਦੇ ਤਾਂ ਅਸੀਂ ਇਹ ਪਾਣੀ ਕਿੱਥੇ ਰੱਖਾਂਗੇ? ਉਨ੍ਹਾਂ ਜ਼ੋਰ ਦਿੱਤਾ ਕਿ ਇਹ ਮਾਮਲਾ ਸਿਆਸੀ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੈ।
ਓਵੈਸੀ ਨੇ ਆਲ ਪਾਰਟੀ ਮੀਟਿੰਗ ਵਿੱਚ ਭਾਗ ਲੈਣ ਤੋਂ ਬਾਅਦ ਕਿਹਾ ਕਿ ਕੇਂਦਰ ਸਰਕਾਰ ਨੂੰ ਉਹਨਾਂ ਦੇ ਹਰ ਫੈਸਲੇ ਦਾ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਭਾਰਤ ਪਾਕਿਸਤਾਨ ਵਿਰੁੱਧ ਹਵਾਈ ਅਤੇ ਸਮੁੰਦਰੀ ਨਾਕਾਬੰਦੀ ਕਰ ਸਕਦਾ ਹੈ ਅਤੇ ਹਥਿਆਰਾਂ ਦੀ ਵਿਕਰੀ ‘ਤੇ ਪਾਬੰਦੀ ਲਾ ਸਕਦਾ ਹੈ।
ਇਸਦੇ ਨਾਲ ਹੀ, ਓਵੈਸੀ ਨੇ ਹਮਲੇ ਦੌਰਾਨ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਬੈਸਰਨ ਮੈਦਾਨ ‘ਤੇ ਸੀਆਰਪੀਐਫ ਦੀ ਤਾਇਨਾਤੀ ਕਿਉਂ ਨਹੀਂ ਸੀ ਅਤੇ ਕਿਉਂ ਕੁਇਕ ਰਿਐਕਸ਼ਨ ਟੀਮ ਨੂੰ ਇੱਕ ਘੰਟਾ ਲੱਗ ਗਿਆ? ਓਵੈਸੀ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਧਰਮ ਪੁੱਛ ਕੇ ਮਾਰਿਆ ਗਿਆ, ਜੋ ਕਿ ਫਿਰਕੂ ਹਿੰਸਾ ਹੈ। ਉਨ੍ਹਾਂ ਕਸ਼ਮੀਰੀਆਂ ਅਤੇ ਵਿਦਿਆਰਥੀਆਂ ਵਿਰੁੱਧ ਝੂਠਾ ਪ੍ਰਚਾਰ ਰੋਕਣ ਦੀ ਅਪੀਲ ਵੀ ਕੀਤੀ।
ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਈ, ਜਿਸਨੂੰ ਵਾਦੀ ‘ਚ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਸਰਕਾਰ ਵੱਲੋਂ ਪਾਕਿਸਤਾਨ ਵਿਰੁੱਧ ਡਿਪਲੋਮੈਟਿਕ ਅਤੇ ਰਣਨੀਤਕ ਪੱਧਰ ‘ਤੇ ਕਈ ਕਦਮ ਚੁੱਕੇ ਜਾ ਰਹੇ ਹਨ।