ਚੰਡੀਗੜ੍ਹ : ਭਾਖੜਾ ਨਹਿਰ ਤੋਂ ਪਾਣੀ ਦੀ ਸਪਲਾਈ ਘਟਣ ਕਾਰਨ ਪੰਜਾਬ ਤੇ ਹਰਿਆਣਾ ਵਿਚਕਾਰ ਤਣਾਅ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਵੀ ਹਲਚਲ ਵਿੱਚ ਆ ਗਈ ਹੈ।
ਪਾਣੀ ਦੀ ਘਾਟ ਦੇ ਮੱਦੇਨਜ਼ਰ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਸਾਰੇ ਐਸਈ, ਐਕਸੀਅਨ, ਐਸਡੀਓ ਤੇ ਜੇਈ ਆਪਣਾ ਹੈੱਡਕੁਆਰਟਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਜਿੱਥੇ ਪਾਣੀ ਦੀ ਕਮੀ ਹੈ, ਉੱਥੇ ਹੋਰ ਥਾਵਾਂ ਤੋਂ ਪਾਣੀ ਲਿਆ ਕੇ ਤੁਰੰਤ ਸਪਲਾਈ ਮੁਹੱਈਆ ਕਰਵਾਈ ਜਾਵੇ।
ਹਿਸਾਰ, ਸਿਰਸਾ, ਨਾਰਨੌਲ, ਮਹਿੰਦਰਗੜ੍ਹ ਤੇ ਫਤਿਹਾਬਾਦ ਵਿੱਚ ਹਾਲਤ ਸਭ ਤੋਂ ਵੱਧ ਗੰਭੀਰ ਹਨ। ਇਨ੍ਹਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਰਾਸ਼ਨਿੰਗ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ ਵਿੱਚ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਪਾਣੀ ਵਿਵਾਦ ‘ਤੇ ਤੁਰੰਤ ਮੀਟਿੰਗ ਬੁਲਾਈ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਸੱਦਾ ਦਿੱਤਾ ਗਿਆ ਹੈ। ਪੰਜਾਬ ਤੋਂ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ ਅਤੇ ਜਲ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨਾ ਕੁਮਾਰ ਹਾਜ਼ਰ ਹੋਣਗੇ।
ਭਾਖੜਾ-ਬਿਆਸ ਪ੍ਰਬੰਧਨ ਬੋਰਡ (BBMB) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਅਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ।
BBMB ਦੀ ਹੰਗਾਮੀ ਮੀਟਿੰਗ ਵਿੱਚ 8,500 ਕਿਊਸਿਕ ਪਾਣੀ ਦੀ ਸਪਲਾਈ ਬਹਾਲ ਕਰਨ ਦਾ ਫੈਸਲਾ ਹੋਇਆ, ਪਰ ਪੰਜਾਬ ਨੇ ਇਹ ਫੈਸਲਾ ਨਹੀਂ ਮਨਿਆ। ਉਲਟ, 1 ਮਈ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੰਗਲ ਡੈਮ ਪਹੁੰਚੇ ਅਤੇ ਘੋਸ਼ਣਾ ਕੀਤੀ ਕਿ ਡੈਮ ਦੇ ਕੰਟਰੋਲ ਰੂਮ ਦੀਆਂ ਚਾਬੀਆਂ ਹੁਣ ਪੰਜਾਬ ਪੁਲਿਸ ਕੋਲ ਹਨ। ਰੋਪੜ ਰੇਂਜ ਦੇ ਆਈਜੀ ਨੇ ਵੀ ਸੁਰੱਖਿਆ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ‘ਚ ਉੱਚ ਪੱਧਰੀ ਮੀਟਿੰਗ ਕੀਤੀ। ਉੱਥੇ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਸੋਮਵਾਰ ਨੂੰ ਬੁਲਾਇਆ ਗਿਆ ਹੈ, ਜਿੱਥੇ ਹਰਿਆਣਾ ਨੂੰ ਪਾਣੀ ਨਾ ਦੇਣ ਬਾਰੇ ਪ੍ਰਸਤਾਵ ਲਿਆਂਦਾ ਜਾਵੇਗਾ।
ਪਾਣੀ ਵਿਵਾਦ ਦੇ ਮੱਦੇਨਜ਼ਰ BBMB ਵਿੱਚ ਅਧਿਕਾਰੀਆਂ ਦੇ ਤਬਾਦਲੇ ਵੀ ਹੋਏ ਹਨ। ਪੰਜਾਬ ਕੋਟੇ ਤੋਂ ਇੰਜੀਨੀਅਰ ਆਕਾਸ਼ਦੀਪ ਨੂੰ ਹਟਾ ਕੇ ਹਰਿਆਣਾ ਕੋਟੇ ਦੇ ਸੰਜੀਵ ਕੁਮਾਰ ਨੂੰ ਲਿਆਂਦਾ ਗਿਆ, ਪਰ ਕੁਝ ਸਮੇਂ ਬਾਅਦ ਸੰਜੀਵ ਕੁਮਾਰ ਨੂੰ ਵੀ ਹਟਾ ਕੇ ਪੰਜਾਬ ਕੋਟੇ ਦੇ ਬਲਵੀਰ ਸਿੰਘ ਨੂੰ ਚਾਰਜ ਦਿੱਤਾ ਗਿਆ।