Saturday, March 29, 2025

ਯੁੱਧ ਤੇ ਸ਼ਾਂਤੀ – ਪਾਸ਼

April 23, 2025 2:09 PM
Img 20250423 Wa0000

ਯੁੱਧ ਤੇ ਸ਼ਾਂਤੀ || ਪਾਸ਼ ||

 

ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ

ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ

ਉਂਝ ਅਸੀਂ ਸਦਾ ਸਾਊ ਬਣਨਾ ਲੋਚਦੇ ਰਹੇ

ਅਸੀਂ ਦੋ ਰੋਟੀਆਂ ਤੇ ਮਾੜੀ ਜਹੀ ਰਜ਼ਾਈ ਬਦਲੇ

ਯੁੱਧ ਦੇ ਆਕਾਰ ਨੂੰ ਸੰਗੋੜਨਾ ਚਾਹਿਆ,

ਅਸੀਂ ਬੇਅਣਖੀ ਦੀਆਂ ਤੰਦਾਂ ‘ਚ ਅਮਨ ਵਰਗਾ ਕੁੱਝ ਉਣਦੇ ਰਹੇ

ਅਸੀਂ ਬਰਛੀ ਦੇ ਵਾਂਗ ਹੱਡਾਂ ਵਿਚ ਖੁੱਭੇ ਹੋਏ ਸਾਲਾਂ ਨੂੰ ਉਮਰ ਕਹਿੰਦੇ ਰਹੇ

ਜਦ ਹਰ ਘੜੀ ਕਿਸੇ ਬਿੱਫਰੇ ਸ਼ਰੀਕ ਵਾਂਗ ਸਿਰ ਤੇ ਗੜ੍ਹਕਦੀ ਰਹੀ

ਅਸੀਂ ਸੰਦੂਕ ਵਿਚ ਲੁਕ ਲੁਕ ਕੇ ਯੁੱਧ ਨੂੰ ਟਾਲਦੇ ਰਹੇ।

ਯੁੱਧ ਤੋਂ ਬਚਣੇ ਦੀ ਲਾਲਸਾ ‘ਚ ਬਹੁਤ ਨਿੱਕੇ ਹੋ ਗਏ ਅਸੀਂ

ਕਦੇ ਤਾਂ ਹੰਭੇ ਹੋਏ ਪਿਓ ਨੂੰ ਅੰਨ ਖਾਣੇ ਬੁੜ੍ਹੇ ਦਾ ਨਾਮ ਦਿੱਤਾ

ਕਦੇ ਫਿਕਰਾਂ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ ਕਿਹਾ

ਸਦਾ ਦਿਸਹੱਦੇ ਤੇ ਨੀਲਾਮੀ ਦੇ ਦ੍ਰਿਸ਼ ਤਰਦੇ ਰਹੇ

ਤੇ ਅਸੀਂ ਸੁਬਕ ਜਹੀਆਂ ਧੀਆਂ ਦੀਆਂ ਅੱਖਾਂ ‘ਚ ਅੱਖ ਪਾਉਣੋਂ ਡਰੇ

ਯੁੱਧ ਸਾਡੇ ਸਿਰਾਂ ਤੇ ਆਕਾਸ਼ ਵਾਂਗ ਛਾਇਆ ਰਿਹਾ

ਅਸੀਂ ਧਰਤੀ ‘ਚ ਪੁੱਟੇ ਭੋਰਿਆਂ ਨੂੰ ਮੋਰਚੇ ਵਿਚ ਬਦਲਨੋਂ ਜਕਦੇ ਰਹੇ।

ਡਰ ਕਦੇ ਸਾਡੇ ਹੱਥਾਂ ਤੇ ਵਗਾਰ ਬਣ ਕੇ ਉੱਗ ਆਇਆ

ਡਰ ਕਦੇ ਸਾਡੇ ਸਿਰਾਂ ਉੱਤੇ ਪੱਗ ਬਣ ਕੇ ਸਜ ਗਿਆ

ਡਰ ਕਦੇ ਸਾਡੇ ਮਨਾਂ ਅੰਦਰ ਸੁਹਜ ਬਣ ਕੇ ਮਹਿਕਿਆ

ਡਰ ਕਦੇ ਰੂਹਾਂ ‘ਚ ਸੱਜਣਤਾਈ ਬਣ ਗਿਆ

ਕਦੇ ਬੁੱਲ੍ਹਾਂ ਤੇ ਚੁਗਲੀ ਬਣ ਕੇ ਬੁਰੜਾਇਆ

ਅਸੀਂ ਹੇ ਜ਼ਿੰਦਗੀ, ਜਿਨ੍ਹਾਂ ਯੁੱਧ ਨਹੀਂ ਕੀਤਾ

ਤੇਰੇ ਬੜੇ ਮੱਕਾਰ ਪੁੱਤਰ ਹਾਂ।

ਯੁੱਧ ਤੋਂ ਬਚਣੇ ਦੀ ਲਾਲਸਾ ਨੇ

ਸਾਨੂੰ ਲਿਤਾੜ ਦਿੱਤਾ ਹੈ ਘੋੜਿਆਂ ਦੇ ਸੁੰਬਾਂ ਹੇਠ,

ਅਸੀਂ ਜਿਸ ਸ਼ਾਂਤੀ ਲਈ ਰੀਂਘਦੇ ਰਹੇ

ਉਹ ਸ਼ਾਂਤੀ ਬਘਿਆੜਾਂ ਦੇ ਜਬਾੜਿਆਂ ਵਿਚ

ਸਵਾਦ ਬਣ ਕੇ ਟਪਕਦੀ ਰਹੀ।

ਸ਼ਾਂਤੀ ਕਿਤੇ ਨਹੀਂ ਹੁੰਦੀ ਹੈ-

ਰੂਹਾਂ ‘ਚ ਲੁਕੇ ਗਿੱਦੜਾਂ ਦਾ ਹਵਾਂਕਣਾ ਹੀ ਸਭ ਕੁਝ ਹੈ।

ਸ਼ਾਂਤੀ

ਗੋਡਿਆਂ ਵਿਚ ਧੌਣ ਦੇ ਕੇ ਜ਼ਿੰਦਗੀ ਨੂੰ ਸੁਫਨੇ ਵਿਚ ਦੇਖਣ ਦਾ ਯਤਨ ਹੈ।

ਸ਼ਾਂਤੀ ਉਂਝ ਕੁਝ ਨਹੀਂ ਹੈ

ਗੁਪਤਵਾਸ ਸਾਥੀ ਤੋਂ ਅੱਖ ਬਚਾਉਣ ਲਈ

ਸੜਕ ਕੰਢਲੇ ਨਾਲੇ ਵਿਚ ਨਿਓਂ ਜਾਣਾ ਹੀ ਸਭ ਕੁਝ ਹੈ।

ਸ਼ਾਂਤੀ ਕਿਤੇ ਨਹੀਂ ਹੁੰਦੀ ਹੈ

ਨਾਹਰਿਆਂ ਦੀ ਗਰਜ ਤੋਂ ਘਬਰਾ ਕੇ

ਆਪਣੀ ਚੀਕ ਚੋਂ ਸੰਗੀਤ ਦੇ ਅੰਸ਼ਾਂ ਨੂੰ ਲੱਭਣਾ ਹੀ ਸੱਭ ਕੁਝ ਹੈ

ਹੋਰ ਸ਼ਾਂਤੀ ਕਿਤੇ ਨਹੀਂ ਹੁੰਦੀ।

ਤੇਲ ਘਾਟੇ ਸੜਦੀਆਂ ਫਸਲਾਂ

ਬੈਂਕ ਦੀਆਂ ਮਿਸਲਾਂ ਦੇ ਜਾਲ ਅੰਦਰ ਫੜਫੜਾਉਂਦੇ ਪਿੰਡ

ਤੇ ਸ਼ਾਂਤੀ ਲਈ ਫੈਲੀਆਂ ਬਾਹਾਂ

ਸਾਡੇ ਯੁੱਗ ਦਾ ਸਭ ਤੋਂ ਕਮੀਨਾ ਚੁਟਕਲਾ ਹੈ

ਸ਼ਾਂਤੀ ਵੀਣੀ ‘ਚ ਖੁੱਭੀ ਵੰਗ ਦਾ ਹੰਝੂ ਦੇ ਜੇਡਾ ਜ਼ਖਮ ਹੈ,

ਸ਼ਾਂਤੀ ਢੋਏ ਫਾਟਕ ਦੇ ਪਿੱਛੇ

ਮੱਛਰੀਆਂ ਹਵੇਲੀਆਂ ਦਾ ਹਾਸਾ ਹੈ,

ਸ਼ਾਂਤੀ ਸੱਥਾਂ ‘ਚ ਰੁਲਦੀਆਂ ਦਾਹੜੀਆਂ ਦਾ ਹਾਉਕਾ ਹੈ

ਹੋਰ ਸ਼ਾਂਤੀ ਕੁੱਝ ਨਹੀਂ ਹੈ।

ਸ਼ਾਂਤੀ ਦੁੱਖਾਂ ਤੇ ਸੁੱਖਾਂ ਵਿਚ ਬਣੀ ਸਰਹਦ ਉਤਲੇ ਸੰਤਰੀ ਦੀ ਰਫਲ ਹੈ

ਸ਼ਾਂਤੀ ਚਗਲੇ ਹੋਏ ਵਿਦਵਾਨਾਂ ਦੇ ਮੂੰਹਾਂ ‘ਚੋਂ ਡਿਗਦੀ ਰਾਲ੍ਹ ਹੈ

ਸ਼ਾਂਤੀ ਪੁਰਸਕਾਰ ਲੈਂਦੇ ਕਵੀਆਂ ਦੀਆਂ ਵਧੀਆਂ ਹੋਇਆਂ ਬਾਹਾਂ ਦਾ ਟੁੰਡ ਹੈ

ਸ਼ਾਂਤੀ ਵਜ਼ੀਰਾਂ ਦੇ ਪਹਿਨੇ ਹੋਏ ਖੱਦਰ ਦੀ ਚਮਕ ਹੈ

ਸ਼ਾਤੀ ਹੋਰ ਕੁੱਝ ਨਹੀਂ ਹੈ

ਜਾਂ ਸ਼ਾਂਤੀ ਗਾਂਧੀ ਦਾ ਜਾਂਘੀਆ ਹੈ

ਜਿਸ ਦੀਆਂ ਤਣੀਆਂ ਨੂੰ ਚਾਲੀ ਕਰੋੜ ਬੰਦੇ ਫਾਹੇ ਲਾਉਣ ਖਾਤਰ

ਵਰਤਿਆ ਜਾ ਸਕਦਾ ਹੈ

ਸ਼ਾਂਤੀ ਮੰਗਣ ਦਾ ਅਰਥ

ਯੁੱਧ ਨੂੰ ਜ਼ਲੀਲਤਾ ਦੇ ਪੱਧਰ ਤੇ ਲੜਨਾ ਹੈ

ਸ਼ਾਂਤੀ ਕਿਤੇ ਨਹੀਂ ਹੁੰਦੀ ਹੈ।

ਯੁੱਧ ਤੋਂ ਬਿਨਾਂ ਅਸੀਂ ਬਹੁਤ ਕੱਲੇ ਹਾਂ

ਆਪਣੇ ਹੀ ਮੂਹਰੇ ਦੌੜਦੇ ਹਫ ਰਹੇ ਹਾਂ

ਯੁੱਧ ਤੋਂ ਬਿਨਾਂ ਬਹੁਤ ਸੀਮਤ ਹਾਂ ਅਸੀਂ

ਬੱਸ ਹੱਥ ਭਰ ‘ਚ ਮੁਕ ਜਾਂਦੇ ਹਾਂ

ਯੁੱਧ ਤੋਂ ਬਿਨਾਂ ਅਸੀਂ ਦੋਸਤ ਨਹੀਂ ਹਾਂ

ਝੂਠੇ ਮੂਠੇ ਜਜ਼ਬਿਆਂ ਦਾ ਖੱਟਿਆ ਖਾਂਦੇ ਹਾਂ।

ਯੁੱਧ ਇਸ਼ਕ ਦੀ ਸਿਖਰ ਦਾ ਨਾਂ ਹੈ

ਯੁੱਧ ਲਹੂ ਦੇ ਲਾਡ ਦਾ ਨਾਂ ਹੈ

ਯੁੱਧ ਜੀਣ ਦੇ ਨਿੱਘ ਦਾ ਨਾਂ ਹੈ

ਯੁੱਧ ਕੋਮਲ ਹਸਰਤਾਂ ਦੀ ਮਾਲਕੀ ਦਾ ਨਾਂ ਹੈ

ਯੁੱਧ ਅਮਨ ਦੇ ਸ਼ੁਰੂ ਦਾ ਨਾਂ ਹੈ

ਯੁੱਧ ਵਿਚ ਰੋਟੀ ਦੇ ਹੁਸਨ ਨੂੰ

ਨਿਹਾਰਨ ਜਹੀ ਸੂਖਮਤਾ ਹੈ

ਯੁੱਧ ਵਿਚ ਸ਼ਰਾਬ ਨੂੰ ਸੁੰਘਣ ਜਿਹਾ ਅਹਿਸਾਸ ਹੈ

ਯੁੱਧ ਇਕ ਯਾਰੀ ਲਈ ਵਧਿਆ ਹੱਥ ਹੈ

ਯੁੱਧ ਕਿਸੇ ਮਹਿਬੂਬ ਲਈ ਅੱਖਾਂ ‘ਚ ਲਿਖਿਆ ਖਤ ਹੈ

ਯੁੱਧ ਕੁੱਛੜ ਚਾਏ ਹੋਏ ਬੱਚੇ ਦੀਆਂ

ਮਾਂ ਦੇ ਦੁੱਧ ਤੇ ਟਿਕੀਆਂ ਮਾਸੂਮ ਉਂਗਲਾਂ ਹਨ

ਯੁੱਧ ਕਿਸੇ ਕੁੜੀ ਦੀ ਪਹਿਲੀ

ਹਾਂ ਦੇ ਵਰਗੀ ਨਾਂਹ ਹੈ

ਯੁੱਧ ਆਪਣੇ ਆਪ ਨੂੰ ਮੋਹ ਭਿੱਜਿਆ ਸੰਬੋਧਨ ਹੈ

ਯੁੱਧ ਸਾਡੇ ਬੱਚਿਆਂ ਲਈ

ਪਿੜੀਆਂ ਵਾਲੀ ਖਿੱਦੋ ਬਣ ਕੇ ਆਏਗਾ

ਯੁੱਧ ਸਾਡੀਆਂ ਭੈਣਾਂ ਲਈ

ਕਢਾਈ ਦੇ ਸੁੰਦਰ ਨਮੂਨੇ ਲਿਆਏਗਾ

ਯੁੱਧ ਸਾਡੀਆਂ ਬੀਵੀਆਂ ਦੇ ਥਣਾਂ ਅੰਦਰ

ਦੁੱਧ ਬਣ ਕੇ ਉਤਰੇਗਾ

ਯੁੱਧ ਬੁੱਢੀ ਮਾਂ ਲਈ ਨਿਗ੍ਹਾ ਦੀ ਐਨਕ ਬਣੇਗਾ

ਯੁੱਧ ਸਾਡਿਆਂ ਵੱਡਿਆਂ ਦੀਆਂ ਕਬਰਾਂ ਉੱਤੇ

ਫੁੱਲ ਬਣ ਕੇ ਖਿੜੇਗਾ

ਵਕਤ ਬੜਾ ਚਿਰ

ਕਿਸੇ ਬੇਕਾਬੂ ਘੋੜੇ ਵਰਗਾ ਰਿਹਾ ਹੈ

ਜੋ ਸਾਨੂੰ ਘਸੀਟਦਾ ਹੋਇਆ ਜ਼ਿੰਦਗੀ ਤੋਂ ਬਹੁਤ ਦੂਰ ਲੈ ਗਿਆ ਹੈ

ਕੁਝ ਨਹੀਂ ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ

ਬੱਸ ਯੁੱਧ ਹੀ ਇਸ ਘੋੜੇ ਦੀ ਲਗਾਮ ਬਣ ਸਕੇਗਾ।

Have something to say? Post your comment

More Entries

    None Found