ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਲਿਬੈਲੁਲੀਡੇ ਪਰਿਵਾਰ ਦੀਆਂ ਡਰੈਗਨ ਫਲਾਈਜ਼ ਦਾ ਕੀਤਾ ਗਿਆ ਅਧਿਐਨ
July 13, 2025 1:32 PM
ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਲਿਬੈਲੁਲੀਡੇ ਪਰਿਵਾਰ ਦੀਆਂ ਡਰੈਗਨ ਫਲਾਈਜ਼ ਦਾ ਕੀਤਾ ਗਿਆ ਅਧਿਐਨ
-ਉੱਤਰੀ ਅਤੇ ਦੱਖਣੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਠੀਆਂ ਕੀਤੀਆਂ ਡਰੈਗਨਫਲਾਈਜ਼
-ਪੰਜ ਨਵੀਆਂ ਪ੍ਰਜਾਤੀਆਂ ਨੂੰ ਕ੍ਰੋਮੋਸੋਮ ਦੇ ਅਧਿਐਨ ਵਾਲ਼ੀ ਵਿਸ਼ਵਵਿਆਪੀ ਸੂਚੀ ਵਿੱਚ ਕਰਵਾਇਆ ਸ਼ਾਮਲ; ਸੂਚੀ ਵਿੱਚ ਹੁਣ 258 ਪ੍ਰਜਾਤੀਆਂ
21 ਪ੍ਰਜਾਤੀਆਂ ਦੇ 28 ਡੀ.ਐੱਨ.ਏ. ਸੀਕੁਐਂਸ ਨੂੰ ਵਿਸ਼ਵਵਿਆਪੀ ਡੇਟਾਬੇਸ ਵਿੱਚ ਜਮ੍ਹਾਂ ਕੀਤਾ
ਪਟਿਆਲਾ, 13 ਜੁਲਾਈ
ਪੰਜਾਬੀ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਰਾਹੀਂ ਲਿਬੈਲੁਲੀਡੇ ਪਰਿਵਾਰ ਦੀਆਂ ‘ਡਰੈਗਨ ਫਲਾਈਜ਼’ ਦਾ ਅਧਿਐਨ ਕੀਤਾ ਗਿਆ ਹੈ। ਹੈਲੀਕਪਟਰ ਜਿਹੀ ਸ਼ਕਲ ਵਾਲ਼ੇ ਇਹ ਰੰਗ-ਬਿਰੰਗੇ ਕੀਟ, ਜਿਨ੍ਹਾਂ ਨੂੰ ਹੈਲੀਕਪਟਰ ਜਾਂ ਜਹਾਜ਼ ਵੀ ਕਹਿ ਦਿੱਤਾ ਜਾਂਦਾ ਹੈ, ਅਕਸਰ ਝੀਲਾਂ ਅਤੇ ਤਲਾਬਾਂ ਦੇ ਨੇੜੇ ਦੇਖੇ ਜਾਂਦੇ ਹਨ।
ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿੱਚ ਡਾ. ਹਰਦੀਪ ਸਿੰਘ ਵੱਲੋਂ ਪ੍ਰੋ. ਗੁਰਿੰਦਰ ਕੌਰ ਵਾਲੀਆ ਦੀ ਨਿਗਰਾਨੀ ਹੇਠ ਕੀਤੀ ਗਈ ਇਸ ਖੋਜ ਰਾਹੀਂ ਡਰੈਗਨ ਫਲਾਈਜ਼ ਦੇ ਕ੍ਰੋਮੋਸੋਮ (ਜਨੈਟਿਕ ਜਾਣਕਾਰੀ ਵਾਲੀਆਂ ਸੰਰਚਨਾਵਾਂ) ਅਤੇ ਡੀ.ਐੱਨ.ਏ. ਦਾ ਅਧਿਐਨ ਕੀਤਾ ਗਿਆ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਵੱਖ-ਵੱਖ ਪ੍ਰਜਾਤੀਆਂ ਇੱਕ ਦੂਜੇ ਨਾਲ਼ ਕਿਵੇਂ ਸਬੰਧਤ ਹਨ।
ਖੋਜਾਰਥੀ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਉੱਤਰੀ ਅਤੇ ਦੱਖਣੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਡਰੈਗਨਫਲਾਈਜ਼ ਇਕੱਠੀਆਂ ਕੀਤੀਆਂ। ਇਨ੍ਹਾਂ ਦੇ ਕ੍ਰੋਮੋਸੋਮ ਦੀ ਜਾਂਚ ਕੀਤੀ ਗਈ ਤਾਂ ਜੋ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ ਅਤੇ ਇਹ ਵੇਖਿਆ ਜਾ ਸਕੇ ਕਿ ਕੀ ਉਨ੍ਹਾਂ ਦੀ ਸੰਰਚਨਾ ਵਿੱਚ ਕੋਈ ਫਰਕ ਆਇਆ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਡਰੈਗਨਫਲਾਈਜ਼ ਦੇ ਡੀ.ਐੱਨ.ਏ. ਵਿੱਚ ਇੱਕ ਖਾਸ ਜੀਨ (ਮਾਈਟੋਕੌਂਡਰੀਅਲ ਸੀ.ਓ. ਆਈ.ਜੀਨ), ਜੋ ਇੱਕ ‘ਬਾਰਕੋਡ’ ਵਾਂਗ ਕੰਮ ਕਰਦਾ ਹੈ ਅਤੇ ਪ੍ਰਜਾਤੀਆਂ ਨੂੰ ਆਪਸ ਵਿੱਚ ਵਖਰਿਆਉਣ ਅਤੇ ਉਨ੍ਹਾਂ ਦੇ ਆਪਸੀ ਸਬੰਧਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਦਾ ਵਿਸ਼ੇਸ਼ ਅਧਿਐਨ ਕੀਤਾ। ਕ੍ਰੋਮੋਸੋਮ ਅਤੇ ਡੀ.ਐੱਨ.ਏ. ਦੇ ਅੰਕੜਿਆਂ ਨੂੰ ਜੋੜ ਕੇ ਸਮੁੱਚੇ ਡੇਟਾ ਨੂੰ ਸਮਝਦਿਆਂ ਇਹ ਪੁਸ਼ਟੀ ਕੀਤੀ ਗਈ ਕਿ ਇਹ ਪ੍ਰਜਾਤੀਆਂ ਕਿਵੇਂ ਵਿਕਸਤ ਹੋਈਆਂ ਹਨ ਅਤੇ ਕਿਵੇਂ ਇੱਕ ਦੂਜੇ ਨਾਲ਼ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਚਾਰ ਪੇਪਰ ਅੰਤਰਰਾਸ਼ਟਰੀ ਪੱਧਰ ਦੇ ਵੱਕਾਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।
ਪ੍ਰੋ. ਗੁਰਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਇਸ ਅਧਿਐਨ ਰਾਹੀਂ ਡਰੈਗਨ ਫਲਾਈ ਦੀਆਂ ਪੰਜ ਨਵੀਆਂ ਪ੍ਰਜਾਤੀਆਂ ਨੂੰ ਉਸ ਵਿਸ਼ਵਵਿਆਪੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ, ਜਿਸ ਸੂਚੀ ਵਿਚਲੀਆਂ ਪ੍ਰਜਾਤੀਆਂ ਦੇ ਕ੍ਰੋਮੋਸੋਮ ਦਾ ਅਧਿਐਨ ਕੀਤਾ ਜਾ ਚੁੱਕਾ ਹੈ। ਇਸ ਸੂਚੀ ਵਿੱਚ ਹੁਣ 258 ਡਰੈਗਨ ਫਲਾਈ ਪ੍ਰਜਾਤੀਆਂ ਹੋ ਗਈਆਂ ਹਨ। ਖੋਜ ਤਹਿਤ 21 ਪ੍ਰਜਾਤੀਆਂ ਦੇ 28 ਡੀ.ਐੱਨ.ਏ. ਸੀਕੁਐਂਸ ਨੂੰ ਵਿਸ਼ਵਵਿਆਪੀ ਡੇਟਾਬੇਸ (ਐੱਨ. ਸੀ. ਬੀ. ਆਈ.) ਵਿੱਚ ਜਮ੍ਹਾਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਰਾਹੀਂ ਕੁੱਲ 80 ਪ੍ਰਜਾਤੀਆਂ ਦੇ 112 ਡੀ.ਐੱਨ.ਏ. ਸੀਕੁਐਂਸ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਡਰੈਗਨਫਲਾਈਜ਼ ਵਿਕਾਸ ਪੱਖੋਂ ਕਿਵੇਂ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਡਰੈਗਨਫਲਾਈਜ਼ ਪੁਰਾਤਨ ਕੀਟ ਹਨ, ਜੋ ਲਗਭਗ 220 ਮਿਲੀਅਨ ਸਾਲ ਪਹਿਲਾਂ ਕਾਰਬੋਨੀਫਰਸ ਯੁੱਗ ਵਿੱਚ ਸਨ, ਅਤੇ ਇਹ ਸਭ ਤੋਂ ਪੁਰਾਣੇ ਪੰਖ ਵਾਲੇ ਕੀੜਿਆਂ ਨਾਲ਼ ਵੀ ਸਬੰਧ ਰਖਦੇ ਹਨ। ਇਹ ਝੀਲਾਂ ਅਤੇ ਨਦੀਆਂ ਵਰਗੇ ਤਾਜ਼ੇ ਪਾਣੀ ਦੇ ਵਾਤਾਵਰਣ ਦੇ ਅਧਿਐਨ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਵੱਖ-ਵੱਖ ਪ੍ਰਜਾਤੀਆਂ ਨੂੰ ਰਹਿਣ ਦੀਆਂ ਵੱਖ-ਵੱਖ ਥਾਵਾਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਦਾ ਜੀਵਨ-ਚੱਕਰ ਵੀ ਜਟਿਲ ਹੁੰਦਾ ਹੈ ਜੋ ਕਿ ਕੁਝ ਸਮਾਂ ਪਾਣੀ ਵਿੱਚ ਅਤੇ ਕੁਝ ਸਮਾਂ ਜ਼ਮੀਨ ‘ਤੇ ਹੁੰਦਾ ਹੈ। ਇਹ ਵਾਤਾਵਰਣ ਵਿਕਾਸ ਦੇ ਅਧਿਐਨ ਲਈ ਅਹਿਮ ਬਣ ਜਾਂਦੇ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ, ਇਸ ਖੋਜ ਦੀ ਸ਼ਲਾਘਾ ਕਰਦਿਆਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਯੂਨੀਵਰਸਿਟੀ ਵਿੱਚ ਹੋ ਰਹੀਆਂ ਖੋਜਾਂ ਦੇ ਮਿਆਰ ਦਾ ਪ੍ਰਮਾਣ ਹਨ ਜੋ ਅਦਾਰੇ ਦੇ ਵੱਕਾਰ ਵਿੱਚ ਵਾਧਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮਿਆਰੀ ਖੋਜਾਂ ਦੇ ਬਲਬੂਤੇ ਹੀ ਅਦਾਰੇ ਕੌਮਾਂਤਰੀ ਪੱਧਰ ਉੱਤੇ ਆਪਣੀ ਪਛਾਣ ਕਾਇਮ ਕਰ ਸਕਣ ਦੇ ਸਮਰੱਥ ਹੁੰਦੇ ਹਨ।
Have something to say? Post your comment