Saturday, March 29, 2025

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਉਘੀ ਲੇਖਿਕਾ ਹਰਪਿੰਦਰ ਰਾਣਾ ਨਾਲ ਰੂਬਰੂ

September 20, 2025 1:37 PM
New
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਉਘੀ ਲੇਖਿਕਾ ਹਰਪਿੰਦਰ ਰਾਣਾ ਨਾਲ ਰੂਬਰੂ
 ਅਨੁਭਵੀ ਲਿਖਾਰੀਆਂ  ਦੇ ਤਜਰਬਿਆਂ ਦਾ ਲਾਭ ਉਠਾਉਣ ਦੀ ਰਵਾਇਤ ਨੂੰ ਅੱਗੇ ਤੋਰ ਰਿਹਾ ਹੈ ਪੰਜਾਬੀ ਵਿਭਾਗ  _ ਡਾ. ਰਾਜਵੰਤ ਕੌਰ ਪੰਜਾਬੀ
 ਪਟਿਆਲਾ,20 ਸਤੰਬਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੀ ਸੁਚੱਜੀ ਰਾਹਨੁਮਾਈ ਅਧੀਨ ਪੰਜਾਬੀ ਵਿਭਾਗ ਵੱਲੋਂ ਉਘੀ ਬਹੁਪੱਖੀ ਲੇਖਿਕਾ ਵਿਸ਼ੇਸ਼ ਕਰਕੇ ਨਾਵਲਕਾਰ ਵਜੋਂ ਮਕਬੂਲ ਅਤੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬਰਕੰਦੀ (ਸ੍ਰੀ ਮੁਕਤਸਰ ਸਾਹਿਬ) ਦੇ ਪੰਜਾਬੀ ਲੈਕਚਰਾਰ ਹਰਪਿੰਦਰ ਰਾਣਾ ਨਾਲ ਰੂਬਰੂ ਕਰਵਾਇਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਹਰਪਿੰਦਰ ਰਾਣਾ,ਅਧਿਆਪਕਾਂ,ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਅਨੁਭਵੀ ਲਿਖਾਰੀਆਂ ਨੂੰ ਆਪਣੇ ਵਿਭਾਗ ਦੇ ਵਿਦਿਆਰਥੀਆਂ ਨਾਲ ਰੂਬਰੂ ਕਰਵਾ ਕੇ ਉਨ੍ਹਾਂ ਦੇ ਤਜਰਬਿਆਂ ਦਾ ਲਾਭ ਉਠਾਉਣ ਦੀ ਸ਼ਾਨਦਾਰ ਰਵਾਇਤ ਨੂੰ ਅੱਗੇ ਤੋਰ ਰਿਹਾ ਹੈ। ਹਰਪਿੰਦਰ ਰਾਣਾ ਬਾਰੇ ਆਪਣੇ ਵਿਦਿਆਰਥੀਆਂ ਨਾਲ ਜਾਣ ਪਛਾਣ ਕਰਵਾਉਂਦਿਆਂ ਡਾ. ਪੰਜਾਬੀ ਨੇ ਦੱਸਿਆ ਕਿ ਭਾਵੇਂ ਹਰਪਿੰਦਰ ਰਾਣਾ ਸਰੀਰਕ ਤੌਰ ਤੇ ਦਿਵਿਆਂਗ ਹਨ ਪਰੰਤੂ ਮਾਨਸਿਕ ਪੱਖ ਤੋਂ ਬਹੁਤ ਮਜ਼ਬੂਤ ਅਤੇ ਦ੍ਰਿੜ੍ਹ ਇਰਾਦੇ ਵਾਲੇ ਹਨ। ਨਿਰਾਸ਼ ਅਤੇ ਨਕਾਰਾਤਮਕ ਸੋਚ ਵਾਲੇ ਹਰ ਵਿਅਕਤੀ ਨੂੰ ਉਨ੍ਹਾਂ ਦੇ ਨਿਰੰਤਰ ਸੰਘਰਸ਼  ਅਤੇ ਉਨ੍ਹਾਂ ਦੇ ਰਚੇ ਸਾਹਿਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
 ਹਰਪਿੰਦਰ ਰਾਣਾ ਨੇ ਆਪਣੇ ਰੂਬਰੂ ਦੌਰਾਨ ਬਚਪਨ ਵਿਚ ਪੋਲੀਓ ਦਾ ਸ਼ਿਕਾਰ ਹੋਣ ਤੋਂ ਲੈ ਕੇ ਵਰਤਮਾਨ ਦੌਰ ਤੱਕ ਦੇ ਖੱਟੇ ਮਿੱਠੇ ਤਜਰਬੇ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿਚ ਲੋਕਾਂ ਦੇ ਨਕਾਰਾਤਾਮਕ ਰਵੱਈਏ ਨੇ ਉਨ੍ਹਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਪਰੰਤੂ ਪਰਿਵਾਰ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਉਸ ਦੇ ਜ਼ਿਹਨ ਵਿਚ ਸਾਹਿਤਕ ਚੇਟਕ ਪੈਦਾ ਹੋ ਗਈ। ਬਾਦ ਵਿਚ ਉਸ ਦੀ ਜ਼ਿੰਦਗੀ ਵਿਚ ਆਏ ਵੱਖ ਵੱਖ ਕਿਰਦਾਰ ਉਸ ਲਈ ਸਾਹਿਤਕ ਪ੍ਰੇਰਣਾ ਦਾ ਸਬੱਬ ਬਣਦੇ ਰਹੇ।ਉਨ੍ਹਾਂ ਕਿਹਾ ਕਿ ਵਿਰੋਧੀ ਪਰਿਸਥਿਤੀਆਂ ਨਾਲ ਮੱਥਾ ਲਾ ਕੇ ਬਾਹਰ ਨਿਕਲਣਾ ਹੀ ਅਸਲੀ ਜੀਵਨ ਦੀ ਪਰਿਭਾਸ਼ਾ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਹਿੱਤ ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਖੁਦਕੁਸ਼ੀ ਦੀ ਜਗ੍ਹਾ ਖੁਦਖੁਸ਼ੀ ਨੂੰ ਅਪਣਾਉਣ ਦੀ ਦਿਸ਼ਾ ਵੱਲ ਜਾਣ ਦੀ ਲੋੜ ਹੈ। ਹਰਪਿੰਦਰ ਰਾਣਾ ਨੇ ਇਹ ਵੀ ਕਿਹਾ ਕਿ ਉਸਦੇ 70% ਵਿਸ਼ੇ ਅਤੇ ਪਾਤਰ ਵਾਸਤਵਿਕ ਜੀਵਨ ਵਿਚੋਂ ਹੀ ਲਏ ਹਨ। ਅੰਤ ਵਿਚ ਡਾ. ਰਾਜਵੰਤ ਕੌਰ ਪੰਜਾਬੀ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਵੱਲੋਂ ਹਰਪਿੰਦਰ ਰਾਣਾ ਅਤੇ ਉਸ ਦੇ ਮਾਤਾ ਜੀ ਦਾ ਸਨਮਾਨ ਕੀਤਾ ਗਿਆ।
ਇਸ ਉਪਰੰਤ ਵਿਦਿਆਰਥੀਆਂ ਵਲੋਂ ਹਰਪਿੰਦਰ ਰਾਣਾ ਨਾਲ ਸਵਾਲ – ਜਵਾਬ ਦੇ ਰੂਪ ਵਿੱਚ ਸੰਵਾਦ ਰਚਾਇਆ ਗਿਆ। ਇਸ ਸਮਾਗਮ ਦਾ ਸੰਚਾਲਨ ਡਾ. ਰਾਜਵਿੰਦਰ ਸਿੰਘ ਨੇ ਬਖ਼ੂਬੀ ਨਿਭਾਇਆ ਅਤੇ ਧੰਨਵਾਦੀ ਸ਼ਬਦ ਡਾ. ਰਾਜਮੋਹਿੰਦਰ ਕੌਰ ਨੇ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ  ਪੰਜਾਬੀ ਵਿਭਾਗ ਦੇ ਖੋਜਾਰਥੀਆਂ–ਵਿਦਿਆਰਥੀਆਂ ਤੋਂ ਇਲਾਵਾ ਸਾਹਿਤ ਅਕਾਦਮੀ ਐਵਾਰਡੀ  ਡਾ. ਦਰਸ਼ਨ ਸਿੰਘ ਆਸ਼ਟ,ਡਾ. ਗਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਮਨਿੰਦਰ ਕੌਰ, ਡਾ. ਸਰਬਜੀਤ ਕੌਰ, ਡਾ. ਰਵਿੰਦਰ ਕੌਰ ਅਤੇ ਹਰਪਿੰਦਰ ਰਾਣਾ ਦੇ ਵਿਦਿਆਰਥੀ ਵੀ ਇਸ ਸਮਾਗਮ ਵਿੱਚ ਸ਼ਾਮਿਲ ਰਹੇ।

Have something to say? Post your comment

More Entries

    None Found