ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਜ਼ਬੂਤੀ ਦੇਣ ਲਈ ਵਿਸ਼ੇਸ਼ ਮੀਟਿੰਗ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਮਨੀਸ਼ ਸਿਸੋਦੀਆ ਵੀ ਮੌਜੂਦ ਰਹਿਣਗੇ। ਆਗੂਆਂ ਵੱਲੋਂ ਨਸ਼ੇ ਵਿਰੁੱਧ ਜਾਗਰੂਕਤਾ ਵਧਾਉਣ ਅਤੇ ਜ਼ਮੀਨ ਪੱਧਰ ‘ਤੇ ਕੰਮ ਕਰ ਰਹੀਆਂ ਸੂਬਾ ਪੱਧਰੀ ਨਸ਼ਾ ਮੁਕਤ ਕਮੇਟੀਆਂ ਦੇ ਇੰਚਾਰਜਾਂ ਨਾਲ ਚਰਚਾ ਕੀਤੀ ਜਾਵੇਗੀ।
ਕੱਲ੍ਹ ਆਗੂਆਂ ਨੇ ਨਾਰੰਗਵਾਲ ਪਿੰਡ ਨੇੜੇ ਇੱਕ ਪੈਲੇਸ ਵਿੱਚ ਨਸ਼ਾ ਵਿਰੁੱਧ ਮੁਹਿੰਮ ਹੇਠ ਲੋਕਾਂ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਨਵੇਂ ਨਿਵਾਸ ‘ਤੇ ਹੋਏ ਪਾਠ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਤੇ ਪਰਸ਼ਾਦ ਸਵੀਕਾਰਿਆ।
ਬਾਅਦ ਵਿੱਚ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਨਾਲ ਰਾਤ ਦੇਰ ਤੱਕ ਮੀਟਿੰਗ ਕਰਕੇ ਪੱਛਮੀ ਹਲਕੇ ਵਿੱਚ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਨਸ਼ਾ ਵਿਰੁੱਧ ਢਾਂਚੇ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ।
ਅੱਜ ਦੀ ਮੁੱਖ ਮੀਟਿੰਗ ਪੱਖੋਵਾਲ ਰੋਡ ‘ਤੇ ਸਥਿਤ ਮਨਸੂਰਾਂ ਇਲਾਕੇ ਵਿੱਚ ਹੋਣੀ ਹੈ, ਜਿੱਥੇ ਆਗੂ ਨਸ਼ਿਆਂ ਦੀ ਸਮੱਸਿਆ, ਉਨ੍ਹਾਂ ਦੇ ਹੱਲ ਅਤੇ ਕਮੇਟੀਆਂ ਦੀ ਭੂਮਿਕਾ ‘ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਨਗੇ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਮੀਟਿੰਗ ਰਾਜ ਪੱਧਰ ‘ਤੇ ਚਲ ਰਹੀ ਨਸ਼ਾ ਮੁਕਤ ਮੁਹਿੰਮ ਨੂੰ ਨਵੀਂ ਰਫ਼ਤਾਰ ਦੇਵੇਗੀ।