Saturday, March 29, 2025

ਨੰਗਲ ਰੋਜ਼ਗਾਰ ਮੇਲੇ ਵਿੱਚ 516 ਉਮੀਦਵਾਰਾਂ ਨੂੰ ਮਿਲੀ ਨੌਕਰੀ: ਹਰਜੋਤ ਬੈਂਸ

May 21, 2025 9:05 PM
Pic (1) (2)

ਨੰਗਲ ਰੋਜ਼ਗਾਰ ਮੇਲੇ ਵਿੱਚ 516 ਉਮੀਦਵਾਰਾਂ ਨੂੰ ਮਿਲੀ ਨੌਕਰੀ: ਹਰਜੋਤ ਬੈਂਸ

•ਮੰਤਰੀ ਬੈਂਸ ਵੱਲੋਂ ਆਈ.ਟੀ.ਆਈ. ਨੰਗਲ ਦੇ ਰੋਜ਼ਗਾਰ ਮੇਲੇ ਦਾ ਦੌਰਾ, ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਕੀਤਾ ਉਤਸ਼ਾਹਿਤ

ਚੰਡੀਗੜ੍ਹ, 21 ਮਈ:

ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਤਹਿਤ ਅੱਜ ਆਈ.ਟੀ.ਆਈ. ਨੰਗਲ ਵਿਖੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਲਗਾਏ ਗਏ ਰੋਜ਼ਗਾਰ ਮੇਲੇ ਦੌਰਾਨ 516 ਉਮੀਦਵਾਰਾਂ ਨੂੰ ਵੱਖ ਵੱਖ ਕੰਪਨੀਆਂ ਵਲੋਂ ਆਫ਼ਰ ਲੈਟਰ ਦਿੱਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਲਈ ਕੁੱਲ 1013 ਉਮੀਦਵਾਰਾਂ ਨੇ ਨਾਮ ਦਰਜ ਕਰਵਾਇਆ ਸੀ। ਇਸ ਰੋਜ਼ਗਾਰ ਮੇਲੇ ਵਿੱਚ 26 ਪਬਲਿਕ ਅਤੇ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਨੇ ਭਾਗ ਲਿਆ ਅਤੇ ਇਸ ਦੌਰਾਨ 516 ਉਮੀਦਵਾਰਾਂ ਨੂੰ ਆਫ਼ਰ ਲੈਟਰ ਪ੍ਰਾਪਤ ਹੋਏ। ਉਨ੍ਹਾਂ ਦੱਸਿਆ ਕਿ ਸਵਰਾਜ ਡਿਵੀਜ਼ਨ ਐਮ ਐਂਡ ਐਨ, ਆਰ.ਐਸ. ਮੈਨਪਾਵਰ, ਬੀ.ਐਸ.ਐਨ.ਐਲ., ਐਸ.ਐਮ.ਐਲ. ਇਸੂਜ਼ੂ ਅਤੇ ਆਈ.ਟੀ.ਐਲ. ਸੋਨਾਲੀਕਾ ਵਰਗੀਆਂ ਪ੍ਰਮੁੱਖ ਕੰਪਨੀਆਂ ਵੱਲੋਂ 224 ਉਮੀਦਵਾਰਾਂ ਦੀ ਚੋਣ ਕੀਤੀ ਗਈ, ਜੋ ਕਿ ਕੁੱਲ ਪਲੇਸਮੈਂਟ ਦਾ ਲਗਭਗ 43.4 ਫ਼ੀਸਦ ਹੈ।

Pic (2) (2)

ਕੈਬਨਿਟ ਮੰਤਰੀ ਨੇ ਆਈ.ਟੀ.ਆਈ. ਨੰਗਲ ਵਿਖੇ ਰੁਜ਼ਗਾਰ ਮੇਲੇ ਦਾ ਦੌਰਾ ਕੀਤਾ, ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਹੋਰ ਨਿਖਾਰਨ ਲਈ ਉਤਸ਼ਾਹਿਤ ਕੀਤਾ ਕਿਉਂਕਿ ਪੰਜਾਬ ਸਰਕਾਰ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਹਜ਼ਾਰਾਂ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਦਯੋਗ ਜਗਤ ਦੀਆਂ ਜ਼ਰੂਰਤਾਂ ਅਤੇ ਹੁਨਰਮੰਦ ਕਾਰਜਬਲ ਵਿਚਲੇ ਪਾੜੇ ਨੂੰ ਪੂਰ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲੇ ਦੀ ਸਫਲਤਾ ਸੂਬੇ ਦੇ ਮਜ਼ਬੂਤ ਉਦਯੋਗ-ਅਕਾਦਮਿਕ ਮੰਚ ਅਤੇ  ਵਿਦਿਆਰਥੀਆਂ ਦੀ ਯੋਗਤਾ ਦਾ ਪ੍ਰਮਾਣ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਨਹੀਂ ਹੋਈ, ਉਨ੍ਹਾਂ ਨਾਲ ਤਕਨੀਕੀ ਸਿੱਖਿਆ ਵਿਭਾਗ ਸੰਪਰਕ ਕਰੇਗਾ ਅਤੇ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਢੁਕਵੇਂ ਰੁਜ਼ਗਾਰ  ਦੇ ਮੌਕੇ ਪ੍ਰਦਾਨ ਕਰੇਗਾ ਤਾਂ ਜੋ ਉਨ੍ਹਾਂ ਨੂੰ ਸਵੈ-ਨਿਰਭਰ ਬਣਾਇਆ ਜਾ ਸਕੇ।

Have something to say? Post your comment

More Entries

    None Found