Saturday, March 29, 2025

ਮਸ਼ਹੂਰ ਕਾਮੇਡੀਅਨ ਡਾ. ਜਸਵਿੰਦਰ ਭੱਲਾ ਦਾ ਦੇਹਾਂਤ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ

August 22, 2025 9:21 AM
Bhalla

 

ਚੰਡੀਗੜ੍ਹ – ਪੰਜਾਬੀ ਕਲਾ ਜਗਤ ਨੂੰ ਅੱਜ ਇੱਕ ਵੱਡਾ ਘਾਟਾ ਪਿਆ ਹੈ। ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਡਾ. ਜਸਵਿੰਦਰ ਭੱਲਾ (65) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਬੀਤੀ ਰਾਤ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਅੱਜ ਸਵੇਰੇ 4 ਵਜੇ ਦੇ ਕਰੀਬ ਆਖਰੀ ਸਾਹ ਲਿਆ।


 

ਕੱਲ੍ਹ ਹੋਵੇਗਾ ਅੰਤਿਮ ਸੰਸਕਾਰ

 

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ, 23 ਅਗਸਤ, ਦੁਪਹਿਰ 1 ਵਜੇ ਮੋਹਾਲੀ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੀ ਧੀ ਜੋ ਦਸ ਦਿਨ ਪਹਿਲਾਂ ਯੂਰਪ ਗਈ ਸੀ, ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਵਾਪਸ ਆ ਰਹੀ ਹੈ ਅਤੇ ਅੱਜ ਸ਼ਾਮ ਤੱਕ ਪਹੁੰਚ ਜਾਵੇਗੀ।


 

ਪੰਜਾਬੀ ਸਿਨੇਮਾ ਵਿੱਚ ਯੋਗਦਾਨ

 

ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ, ਲੁਧਿਆਣਾ ਵਿੱਚ ਹੋਇਆ ਸੀ। ਉਨ੍ਹਾਂ ਨੇ 1988 ਵਿੱਚ “ਛਣਕਟਾ 88” ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਫ਼ਿਲਮ “ਦੁੱਲਾ ਭੱਟੀ” ਨਾਲ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਿਆ। ਆਪਣੇ ਅੰਦਾਜ਼ ਨਾਲ, ਉਨ੍ਹਾਂ ਨੇ ਦਹਾਕਿਆਂ ਤੱਕ ਦਰਸ਼ਕਾਂ ਨੂੰ ਹਸਾਇਆ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਗਰੀਕਲਚਰਲ ਐਕਸਟੈਂਸ਼ਨ ਵਿੱਚ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਵਿੱਚ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ PAU ਦੇ ਬ੍ਰਾਂਡ ਅੰਬੈਸਡਰ ਵੀ ਸਨ।


 

ਦੋਸਤਾਂ ਅਤੇ ਸਹਿ-ਕਲਾਕਾਰਾਂ ਦਾ ਸੋਗ

 

ਜਸਵਿੰਦਰ ਭੱਲਾ ਦੇ ਦੋਸਤ ਅਤੇ ਸਹਿ-ਕਲਾਕਾਰ ਬਾਲ ਮੁਕੁੰਦ ਸ਼ਰਮਾ ਨੇ ਕਿਹਾ ਕਿ ਇਹ ਇੱਕ ਅਜਿਹਾ ਘਾਟਾ ਹੈ ਜਿਸਦੀ ਭਰਪਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਹ 40 ਸਾਲਾਂ ਤੋਂ ਇਕੱਠੇ ਸਨ ਅਤੇ ਭੱਲਾ ਨੇ ਉਨ੍ਹਾਂ ਨੂੰ ਹਮੇਸ਼ਾ ਇੱਕ ਭਰਾ ਵਾਂਗ ਸਨਮਾਨ ਦਿੱਤਾ। ਕਾਮੇਡੀਅਨ ਪੰਮੀ ਨੇ ਦੱਸਿਆ ਕਿ ਜਸਵਿੰਦਰ ਭੱਲਾ ਪਿਛਲੇ ਲਗਭਗ ਇੱਕ ਮਹੀਨੇ ਤੋਂ ਦਿਲ ਅਤੇ ਸ਼ੂਗਰ ਦੀ ਬੀਮਾਰੀ ਕਾਰਨ ਕੰਮ ਤੋਂ ਦੂਰ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਪੰਜਾਬ ਕਾਂਗਰਸ ਸਮੇਤ ਕਈ ਰਾਜਨੀਤਿਕ ਅਤੇ ਕਲਾਕਾਰ ਸ਼ਖ਼ਸੀਅਤਾਂ ਨੇ ਸੋਗ ਪ੍ਰਗਟ ਕੀਤਾ ਹੈ।

Have something to say? Post your comment

More Entries

    None Found