ਨਵੀਂ ਦਿੱਲੀ: 12 ਮਾਰਚ, 2026
ਸੰਸਦ ਦੇ ਅੱਜ ਦੇ ਸੈਸ਼ਨ ਦੌਰਾਨ ਮੱਧ ਪੂਰਬ ਵਿੱਚ ਜਾਰੀ ਯੁੱਧ ਅਤੇ ਦੇਸ਼ ਵਿੱਚ ਤੇਲ ਤੇ ਐਲਪੀਜੀ ਦੀ ਉਪਲਬਧਤਾ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲੀ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ ਭਾਰਤ ਦੀ ਊਰਜਾ ਸੁਰੱਖਿਆ ਖ਼ਤਰੇ ਵਿੱਚ ਹੈ ਅਤੇ ਆਮ ਲੋਕ ਐਲਪੀਜੀ ਦੀ ਕਿੱਲਤ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ, “ਹੋਰਮੁਜ਼ ਜਲਡਮਰੂ, ਜਿੱਥੋਂ ਦੁਨੀਆ ਦਾ 20 ਫੀਸਦੀ ਤੇਲ ਗੁਜ਼ਰਦਾ ਹੈ, ਉਹ ਰਸਤਾ ਬੰਦ ਹੋਣ ਨਾਲ ਸਾਡੇ ਲਈ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਰੈਸਟੋਰੈਂਟ ਬੰਦ ਹੋ ਰਹੇ ਹਨ ਅਤੇ ਲੋਕਾਂ ਵਿੱਚ ਗੈਸ ਸਿਲੰਡਰਾਂ ਨੂੰ ਲੈ ਕੇ ਭਾਰੀ ਘਬਰਾਹਟ ਹੈ।” ਇਸ ਦੌਰਾਨ ਰਾਹੁਲ ਗਾਂਧੀ ਨੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਵਾਦਿਤ ਟਿੱਪਣੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਮੰਤਰੀ ਦਾ ਸਬੰਧ ‘ਐਪਸਟਾਈਨ’ ਨਾਲ ਜੋੜਿਆ। ਇਸ ਟਿੱਪਣੀ ਤੋਂ ਬਾਅਦ ਸਦਨ ਵਿੱਚ ਭਾਰੀ ਹੰਗਾਮਾ ਹੋ ਗਿਆ ਅਤੇ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਸਿਰਫ਼ ਨੋਟਿਸ ਵਾਲੇ ਵਿਸ਼ੇ ‘ਤੇ ਹੀ ਬੋਲਣ ਦੀ ਹਦਾਇਤ ਦਿੱਤੀ।
ਰਾਹੁਲ ਗਾਂਧੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਇਹ ਵੀ ਸਵਾਲ ਚੁੱਕਿਆ ਕਿ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਅਤੇ ਊਰਜਾ ਖਰੀਦਦਾਰੀ ਦੇ ਮਾਮਲਿਆਂ ਵਿੱਚ ਕਿਸੇ ਹੋਰ ਦੇਸ਼ ਜਾਂ ਰਾਸ਼ਟਰਪਤੀ ਦੇ ਦਬਾਅ ਹੇਠ ਕਿਉਂ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਜਾਂ ਹੋਰ ਦੇਸ਼ਾਂ ਨਾਲ ਸਬੰਧ ਤੈਅ ਕਰਨ ਦਾ ਫੈਸਲਾ ਭਾਰਤ ਦਾ ਆਪਣਾ ਹੋਣਾ ਚਾਹੀਦਾ ਹੈ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਭਾਰਤ ਦੀ ਊਰਜਾ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਕੂਟਨੀਤਕ ਯਤਨਾਂ ਕਾਰਨ ਅਸੀਂ ਹੋਰਮੁਜ਼ ਜਲਡਮਰੂ ਦੇ ਸੰਕਟ ਦੇ ਬਾਵਜੂਦ ਲੋੜੀਂਦਾ ਕੱਚਾ ਤੇਲ ਪ੍ਰਾਪਤ ਕਰ ਰਹੇ ਹਾਂ। ਸਾਡੀ ਗੈਰ-ਹੋਰਮੂਜ਼ ਸੋਰਸਿੰਗ (ਹੋਰ ਰਸਤਿਆਂ ਰਾਹੀਂ ਤੇਲ ਲਿਆਉਣਾ) 55% ਤੋਂ ਵਧ ਕੇ 70% ਹੋ ਗਈ ਹੈ।”
ਪੁਰੀ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ, ਏਟੀਐਫ ਅਤੇ ਐਲਪੀਜੀ ਦੀ ਸਪਲਾਈ ਚੇਨ ਆਮ ਵਾਂਗ ਕੰਮ ਕਰ ਰਹੀ ਹੈ ਅਤੇ ਰਿਫਾਇਨਰੀਆਂ 100% ਤੋਂ ਵੱਧ ਸਮਰੱਥਾ ਨਾਲ ਚੱਲ ਰਹੀਆਂ ਹਨ। ਉਨ੍ਹਾਂ ਵਿਰੋਧੀ ਧਿਰ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਫੈਲਾਈ ਗਈ ਘਬਰਾਹਟ ਕਾਰਨ ਹੀ ਬਾਜ਼ਾਰ ਵਿੱਚ ਮੰਗ ਵਧੀ ਹੈ, ਜਦਕਿ ਸਟਾਕ ਦੀ ਕੋਈ ਘਾਟ ਨਹੀਂ ਹੈ।