ਲੇਖਿਕਾ ਸੁਰਜੀਤ ਕੈਨੇਡਾ ਦੀ ਪੁਸਤਕ ‘ਟਵਿਨ ਫਲੇਮ’ ਲੋਕ ਅਰਪਣ
April 24, 2025 6:20 PM
ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵਿਖੇ ਲੇਖਿਕਾ ਸੁਰਜੀਤ ਕੈਨੇਡਾ ਦੀ ਪੁਸਤਕ ‘ਟਵਿਨ ਫਲੇਮ’ ਦਾ ਲੋਕ ਅਰਪਣ ਕੀਤਾ
ਪਟਿਆਲਾ, 24 ਅਪ੍ਰੈਲ
ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵਿਖੇ ਲੇਖਿਕਾ ਸੁਰਜੀਤ ਕੈਨੇਡਾ ਦੀ ਪੁਸਤਕ ‘ਟਵਿਨ ਫਲੇਮ’ ਦਾ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਲੇਖਿਕਾ ਸੁਰਜੀਤ ਕੈਨੇਡਾ ਦੇ ਜੀਵਨ ਅਤੇ ਰਚਨਾ ਬਾਰੇ ਜਾਣਕਾਰੀ ਦਿੱਤੀ।
ਡਾ. ਅਜੇ ਵਰਮਾ ਵੱਲੋਂ ਇਸ ਪੁਸਤਕ ਸਬੰਧੀ ਵਿਚਾਰ ਚਰਚਾ ਕਰਦਿਆਂ ਦੱਸਿਆ ਗਿਆ ਕਿ ਪੁਸਤਕ ਵਿਚ ਲੇਖਿਕਾ ਦੇ ਅੰਤਰ ਮਨ ਦਾ ਬ੍ਰਹਮੰਡ ਨਾਲ ਸੰਵਾਦ ਹੈ ਅਤੇ ਆਪਣੀ ਹੋਂਦ ਨੂੰ ਜਾਨਣ ਦਾ ਮਸਲਾ ਹੈ। ਡਾ. ਪੁਸ਼ਪਿੰਦਰ ਕੌਰ ਵੱਲੋਂ ਸੁਰਜੀਤ ਕਨੇਡਾ ਦੀਆਂ ਪਹਿਲੀਆਂ ਸਾਹਿਤਕ ਕਿਰਤਾਂ ਬਾਰੇ ਅਤੇ ਸਬੰਧਤ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰਸਿੱਧ ਕਵੀ ਅਮਰਜੀਤ ਕੌਂਕੇ ਵੱਲੋਂ ਲੇਖਿਕਾ ਦੀ ਸਾਹਿਤਿਕ ਖੇਤਰ ਵਿੱਚ ਨਿਰੰਤਰਤਾ ਨੂੰ ਸਲਾਹੁੰਦਿਆਂ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਡਾ. ਮੋਹਨ ਤਿਆਗੀ ਨੇ ਇਸ ਪੁਸਤਕ ਵਿਚਲੇ ਪਰਵਾਸੀ ਅਤੇ ਸਵੈ–ਪਹਿਚਾਣ ਦੇ ਮਸਲਿਆਂ ਨੂੰ ਉਭਾਰਿਆ। ਸਮਾਗਮ ਦੌਰਾਨ ਲੇਖਿਕਾ ਸੁਰਜੀਤ ਕਨੇਡਾ ਦੁਆਰਾ ਆਪਣੇ ਸਾਹਿਤਿਕ ਸਫ਼ਰ ਅਤੇ ‘ਟਵਿਨ ਫਲੇਮ’ ਪੁਸਤਕ ਦੇ ਰਚਨਾ ਕਾਰਜ ਸੰਬੰਧੀ ਸਰੋਤਿਆਂ ਨਾਲ਼ ਵਿਚਾਰ ਸਾਂਝੇ ਕੀਤੇ ਗਏ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਪਰਮੀਤ ਕੌਰ, ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਕਵਿਤਾ ਵਿਸ਼ੇਸ਼ ਤੌਰ ‘ਤੇ ਪਰਵਾਸੀ ਪੰਜਾਬੀ ਕਵਿਤਾ ਵਿੱਚ ਆਪਣਾ ਨਿਵੇਕਲਾ ਸਥਾਨ ਰੱਖਦੀ ਹੈ। ਪੰਜਾਬੀ ਪਾਠਕਾਂ ਨੂੰ ਭਵਿੱਖ ਵਿੱਚ ਵੀ ਲੇਖਿਕਾ ਸੁਰਜੀਤ ਕੋਲੋਂ ਵੱਡੀਆਂ ਆਸਾਂ ਹਨ।
ਪ੍ਰੋਗਰਾਮ ਵਿੱਚ ਸੁਰਜੀਤ ਕਨੇਡਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦੀ ਸ਼ਬਦ ਡਾ. ਜਸਵੀਰ ਕੌਰ ਵੱਲੋਂ ਕਹੇ ਗਏ।
ਇਸ ਸਮਾਗਮ ਵਿੱਚ ਸਤਪਾਲ ਭੀਖੀ, ਨਿਰਮਲ ਸਿੰਘ, ਹਰਲੀਨ ਕੌਰ ਸੋਨਾ, ਹਰਵਿੰਦਰ ਢਿੱਲੋਂ ਆਦਿ ਵਿਦਵਾਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਸੁਰਦੀਪ ਬਾਪਲਾ, ਕਮਲ ਸਰਾਵਾਂ, ਹੈਪੀ ਸਿੰਘ, ਲਵਪ੍ਰੀਤ ਸਿੰਘ ਦੁਆਰਾ ਕਵਿਤਾਵਾਂ ਅਤੇ ਗ਼ਜ਼ਲਾਂ ਦੀ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਦਾ ਕਾਰਜ ਹਰਪ੍ਰੀਤ ਕੌਰ ਦੁਆਰਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਖੋਜਾਰਥੀ ਅਤੇ ਵਿਦਿਆਰਥੀ ਵੀ
ਸ਼ਾਮਿਲ ਹੋਏ।
Have something to say? Post your comment