ਖੇਤੀਬਾੜੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਨਰਮੇ ਦੇ ਖੇਤ ਦਾ ਦੌਰਾ
ਹਰੇ ਤੇਲੇ ਜਾਂ ਚਿੱਟੀ ਮੱਖੀ ਦਾ ਹਮਲਾ ਰੋਕਣ ਲਈ ਸਿਫਾਰਿਸ਼ਸ਼ੁਦਾ ਦਵਾਈਆਂ ਦੀ ਹੀ ਕਰੋ ਸਪਰੇਅ-ਮੁੱਖ ਖੇਤੀਬਾੜੀ ਅਫ਼ਸਰ
ਕਿਹਾ! ਵੱਧ ਝਾੜ ਲੈਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੀਆਂ ਚਾਰ ਸਪਰੇਆਂ ਹਫਤੇ ਹਫਤੇ ਬਾਅਦ ਕੀਤੀਆਂ ਜਾਣ
ਮੋਗਾ 5 ਅਗਸਤ,
ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਅਧੀਨ ਵੱਧ ਤੋਂ ਵੱਧ ਰਕਬੇ ਨੂੰ ਨਰਮੇ ਦੀ ਫਸਲ ਨਾਲ ਕਵਰ ਕਰਨ ਅਤੇ ਇਸਨੂੰ ਕਾਮਯਾਬ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਨਰਮੇ ਦੀ ਫਸਲ ਤੇ ਹਰੇ ਤੇਲੇ ਦੇ ਹਮਲੇ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਮੋਗਾ ਵਿਚ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ: ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਡਾ. ਸੁਖਰਾਜ ਕੌਰ ਖੇਤੀਬਾੜੀ ਅਫਸਰ (ਸਦਰਮੁਕਾਮ) ਮੋਗਾ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ, ਮੋਗਾ ਵੱਲੋਂ ਪਿੰਡ ਦਾਰਾਪੁਰ ਦੇ ਅਗਾਂਹਵਧੂ ਕਿਸਾਨ ਰਵਦੀਪ ਸਿੰਘ ਸੰਘਾ ਵੱਲੋਂ ਬੀਜੇ ਗਏ ਨਰਮੇ ਦੇ ਪ੍ਰਦਰਸ਼ਨੀ ਪਲਾਟ ਦਾ ਦੌਰਾ ਕੀਤਾ।
ਉਹਨਾਂ ਦੱਸਿਆ ਕਿ ਇਸ ਸਮੇਂ ਨਰਮੇ ਦੀ ਫਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਕਿਸਾਨ ਵੱਲੋਂ ਇਸ ਪ੍ਰਦਰਸ਼ਨੀ ਪਲਾਟ ਦੀ ਸੰਭਾਲ ਬਹੁਤ ਮਿਹਨਤ ਕਰਕੇ ਕੀਤੀ ਗਈ ਹੈ। ਇਸ ਸਮੇਂ ਫਸਲ ਤੇ ਫਲ ਆਉਣਾ ਸ਼ੁਰੂ ਹੋ ਗਿਆ ਹੈ।
ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਸ ਸਮੇਂ ਪੋਟਾਸ਼ੀਅਮ ਨਾਈਟ੍ਰੇਟ ਦੀਆਂ ਚਾਰ ਸਪਰੇਆਂ ਹਫ਼ਤੇ ਹਫ਼ਤੇ ਦੀ ਵਿੱਥ ਤੇ ਕੀਤੀਆਂ ਜਾਣ ਤਾਂ ਜੋ ਫਸਲ ਦਾ ਵੱਧ ਝਾੜ ਲਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਹਰੇ ਤੇਲੇ ਜਾਂ ਚਿੱਟੀ ਮੱਖੀ ਦਾ ਹਮਲਾ ਵੱਧਦਾ ਹੈ ਤਾਂ ਤੁਰੰਤ ਸਿਫਾਰਸ਼ਸ਼ੁਦਾ ਦਵਾਈਆਂ ਦਾ ਸਪਰੇਅ ਕੀਤਾ ਜਾਵੇ।
ਡਾ. ਬਲਜਿੰਦਰ ਸਿੰਘ ਤੇ ਡਾ. ਸੁਖਰਾਜ ਕੌਰ ਦਿਓਲ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤ ਦੇ ਆਲੇ-ਦੁਆਲੇ ਤੋਂ ਤੁਰੰਤ ਨਦੀਨ ਖਤਮ ਕਰ ਦਿੱਤੇ ਜਾਣ ਤਾਂ ਜੋ ਫਸਲ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਸ ਸਮੇਂ ਪਿੰਡ ਦੇ ਅਗਾਂਹਵਧੂ ਕਿਸਾਨ ਗੁਰਜੰਟ ਸਿੰਘ, ਸਖਦੀਪ ਸਿੰਘ ਅਤੇ ਤਰਸੇਮ ਸਿੰਘ ਵੀ ਖੇਤ ਵਿਚ ਹਾਜ਼ਰ ਸਨ।