Saturday, March 29, 2025

ਜਨਰਲ ਸੁਬੇਗ ਸਿੰਘ ਇਕੱਲੇ ਅਫ਼ਸਰ ਸਨ ਜਿਨ੍ਹਾਂ ਨੂੰ ਲੈਫਟੀਨੈਂਟ ਕਰਨਲ ਤੋਂ ਸਿੱਧਾ ਬ੍ਰਿਗੇਡੀਅਰ ਪ੍ਰਮੋਟ ਕੀਤਾ ਗਿਆ ਸੀ

June 2, 2025 4:50 PM
Subeg Singh

ਜਨਰਲ ਸੁਬੇਗ ਸਿੰਘ ਇਕੱਲੇ ਅਫ਼ਸਰ ਸਨ ਜਿਨ੍ਹਾਂ ਨੂੰ ਲੈਫਟੀਨੈਂਟ ਕਰਨਲ ਤੋਂ ਸਿੱਧਾ ਬ੍ਰਿਗੇਡੀਅਰ ਪ੍ਰਮੋਟ ਕੀਤਾ ਗਿਆ ਸੀ

1984 ਆਪਰੇਸ਼ਨ ਬਲੂ ਸਟਾਰ : ਜਨਰਲ ਸੁਬੇਗ ਸਿੰਘ

ਜੋ ਭਾਰਤ ਲਈ ਵੀ ਲੜੇ ਅਤੇ ਭਾਰਤ ਦੇ ਖ਼ਿਲਾਫ਼ ਵੀ

ਉਹ ਇਕੱਲੇ ਅਫ਼ਸਰ ਸਨ ਜਿਨ੍ਹਾਂ ਨੂੰ ਲੈਫਟੀਨੈਂਟ ਕਰਨਲ ਤੋਂ ਸਿੱਧਾ ਬ੍ਰਿਗੇਡੀਅਰ ਦੇ ਤੌਰ ‘ਤੇ ਪ੍ਰਮੋਟ ਕੀਤਾ ਗਿਆ ਸੀ।”

ਜਨਰਲ ਸੁਬੇਗ ਸਿੰਘ ਦੀ ਰਿਟਾਇਰਮੈਂਟ ਤੋਂ ਸਿਰਫ਼ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਬਿਨਾਂ ਕਿਸੇ ਮੁਕੱਦਮੇ ਜਾਂ ਕੋਰਟ ਮਾਰਸ਼ਲ ਦੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।
ਜਨਰਲ ਸੁਬੇਗ ਸਿੰਘ ਦੀ ਇਹ ਸਾਰੀ ਸੇਵਾ, ਬੁੱਧੀਮਾਨੀ ਅਤੇ ਬਹਾਦਰੀ ਦੇ ਬਾਵਜੂਦ ਉਨ੍ਹਾਂ ਨੂੰ ਅੰਤ ਵਿੱਚ ਭਾਰਤੀ ਫੌਜ ਤੋਂ ਬਦਨਾਮੀ ਨਾਲ ਬਰਖਾਸਤ ਕਰ ਦਿੱਤਾ ਗਿਆ। ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾਏ ਗਏ ਜੋ ਅਦਾਲਤ ਵਿਚ ਰੱਦ ਹੋ ਗਏ। ਪਰ ਇਸ ਕਾਰਨ ਉਹ ਫੌਜ ਤੋਂ ਬਿਨਾਂ ਪੈਨਸ਼ਨ ਦੇ ਫ਼ੌਜ ਵਿਚੋ ਕੱਢ ਦਿੱਤੇ ਗਏ। ਇਹ ਘਟਨਾ ਉਨ੍ਹਾਂ ਦੀ ਜ਼ਿੰਦਗੀ ‘ਚ ਮੋੜ ਦਾ ਬਿੰਦੂ ਬਣੀ।

1984: ਅੰਦਰਲੀ ਲੜਾਈ ਅਤੇ ਸ਼ਹੀਦੀ
ਜਦੋਂ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਹੋਇਆ, ਤਦਕਾਲੀ ਤੌਰ ‘ਤੇ ਜਨਰਲ ਸੁਬੇਗ ਸਿੰਘ ਨੇ ਭਿੰਡਰਾਂਵਾਲੇ ਦੇ ਨਾਲ ਮਿਲ ਕੇ ਹਰਿਮੰਦਰ ਸਾਹਿਬ ਕੰਪਲੈਕਸ ਦੀ ਰਣਨੀਤਕ ਤੌਰ ‘ਤੇ ਰੱਖਿਆ ਕੀਤੀ। ਉਨ੍ਹਾਂ ਨੇ ਫੌਜੀ ਹੁਨਰ ਅਤੇ ਤਜਰਬੇ ਨਾਲ ਅੰਦਰੂਨੀ ਢਾਂਚਾ ਮਜ਼ਬੂਤ ਕੀਤਾ ਅਤੇ ਆਉਣ ਵਾਲੇ ਹਮਲੇ ਦਾ ਮੁਕਾਬਲਾ ਕੀਤਾ।

ਜਦੋਂ 5-6 ਜੂਨ 1984 ਦੀ ਰਾਤ ਭਾਰਤੀ ਫੌਜ ਕਾਂਪਲੈਕਸ ਵਿਚ ਦਾਖਲ ਹੋਈ, ਤਾਂ ਜਨਰਲ ਸੁਬੇਗ ਸਿੰਘ ਨੇ ਆਪਣੇ ਲੜਾਕੂ ਸਾਥੀਆਂ ਨਾਲ ਭਾਰੀ ਮੁਕਾਬਲਾ ਕੀਤਾ। ਅੰਤ ਵਿੱਚ ਉਹ ਦਰਬਾਰ ਸਾਹਿਬ ਦੀ ਪਾਵਨ ਧਰਤੀ ‘ਤੇ ਸ਼ਹੀਦ ਹੋ ਗਏ।

ਉਹ ਇੱਕ ਅਜਿਹਾ ਵਿਅਕਤੀ ਸਨ, ਜੋ ਸਾਰੀ ਉਮਰ ਭਾਰਤ ਲਈ ਲੜਿਆ, ਪਰ ਆਪਣੇ ਅਖੀਰਲੇ ਦਿਨਾਂ ‘ਚ ਭਾਰਤੀ ਫੌਜ ਦੇ ਹਮਲੇ ਦਾ ਸਾਹਮਣਾ ਕਰਦਿਆਂ ਸ਼ਹੀਦ ਹੋ ਗਿਆ।

ਜਨਰਲ ਸੁਬੇਗ ਸਿੰਘ: ਇੱਕ ਸੰਖੇਪ ਝਲਕ

ਜਨਮ 1914, ਖ਼ੁਦਿਆਲਾ ਸਿੱਧਾਂ, ਜ਼ਿਲ੍ਹਾ ਅੰਮ੍ਰਿਤਸਰ
ਫੌਜੀ ਕਰੀਅਰ ਦੀ ਸ਼ੁਰੂਆਤ 1942 – ਕਿੰਗਜ਼ ਕਮਿਸ਼ਨ ਪ੍ਰਾਪਤ
ਮੁੱਖ ਯੁੱਧ : ਦੂਜਾ ਵਿਸ਼ਵ ਯੁੱਧ, 1947–48 ਕਸ਼ਮੀਰ, 1962 ਚੀਨ, 1965 ਅਤੇ 1971 ਪਾਕਿਸਤਾਨ
1971 ਵਿੱਚ ਭੂਮਿਕਾ ਮੁਕਤੀ ਬਾਹਿਨੀ ਨੂੰ ਟ੍ਰੇਨ ਕਰਨ ਦਾ ਕੰਮ, ਕੋਡ ਨਾਂ “ਬੇਗ”
ਰਿਟਾਇਰਮੈਂਟ ਅਤੇ ਵਿਵਾਦ 1976 – ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ਾਂ ਨਾਲ ਬਰਖਾਸਤ
1984 ਸ੍ਰੀ ਹਰਿਮੰਦਰ ਸਾਹਿਬ ਵਿਚ ਫੌਜ ਦੇ ਹਮਲੇ ਦੌਰਾਨ ਸ਼ਹੀਦ
ਆਪਰੇਸ਼ਨ ਬਲੂ ਸਟਾਰ ਤੋਂ ਕੁਝ ਸਮਾਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਅਕਸਰ ਇੱਕ ਲੰਬੀ ਚਿੱਟੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਬੈਠੇ ਦੇਖਿਆ ਜਾਂਦਾ ਸੀ।

ਉਹ ਦੇਖਣ ਵਿੱਚ ਪਤਲੇ ਜ਼ਰੂਰ ਸਨ, ਪਰ ਉਨ੍ਹਾਂ ਦਾ ਚਿਹਰਾ ਬੌਧਿਕ ਸੀ। ਬਾਹਰ ਤੋਂ ਉਹ ਇੱਕ ਗ੍ਰੰਥੀ ਹੋਣ ਦੀ ਝਲਕ ਦਿੰਦੇ ਸਨ, ਪਰ ਅਸਲ ਵਿੱਚ ਉਹ ਇੱਕ ਸਿਪਾਹੀ ਸਨ, ਮੇਜਰ ਜਨਰਲ ਸੁਬੇਗ ਸਿੰਘ, ਜਿਨ੍ਹਾਂ ਨੇ ਭਾਰਤੀ ਫ਼ੌਜ ਦੇ ਖਿਲਾਫ਼ ਹਰਿਮੰਦਰ ਸਾਹਿਬ ਵਿੱਚ ਮੋਰਚਾਬੰਦੀ ਕੀਤੀ ਸੀ।
ਸੁਬੇਗ ਸਿੰਘ ਪੜ੍ਹਨ ਲਿਖਣ ਦੇ ਸ਼ੌਕੀਨ ਸਨ ਅਤੇ ਸੱਤ ਭਾਸ਼ਾਵਾਂ ਪੰਜਾਬੀ, ਫ਼ਾਰਸੀ, ਉਰਦੂ, ਬੰਗਲਾ, ਗੋਰਖਾਲੀ, ਹਿੰਦੀ ਅਤੇ ਅੰਗਰੇਜ਼ੀ ਰਵਾਨਗੀ ਨਾਲ ਬੋਲ ਲੈਂਦੇ ਸਨ।

ਉਨ੍ਹਾਂ ਦੇ ਛੋਟੇ ਬੇਟੇ ਪ੍ਰਬਪਾਲ ਸਿੰਘ
ਪ੍ਰਬਪਾਲ ਸਿੰਘ ਦਾ ਜਵਾਬ ਸੀ, ‘ਉਹ 5 ਫੁੱਟ 8 ਇੰਚ ਲੰਬੇ ਸਨ, ਉਹ ਬਹੁਤ ਚੰਗੇ ਐਥਲੀਟ ਸਨ। 18 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ 100 ਮੀਟਰ ਦੌੜ ਵਿੱਚ ਭਾਰਤੀ ਰਿਕਾਰਡ ਦੀ ਬਰਾਬਰੀ ਕੀਤੀ ਸੀ। ਇਸ ਦੇ ਇਲਾਵਾ ਉਹ ਬਹੁਤ ਚੰਗੇ ਘੋੜਸਵਾਰ ਅਤੇ ਤੈਰਾਕ ਵੀ ਸਨ। ਪਰ ਉਹ ਹਮੇਸ਼ਾ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ।”
ਭਾਰਤ ਵੱਲੋਂ ਹਰ ਲੜ੍ਹਾਈ ਵਿੱਚ ਸ਼ਾਮਲ ਹੋਏ
ਆਪਣੇ ਫ਼ੌਜੀ ਜੀਵਨ ਵਿੱਚ ਉਨ੍ਹਾਂ ਨੇ ਭਾਰਤ ਵੱਲੋਂ ਹਰ ਲੜਾਈ ਲੜੀ ਸੀ, ਚਾਹੇ ਉਹ ਦੂਜਾ ਵਿਸ਼ਵ ਯੁੱਧ ਹੋਵੇ, 1947 ਵਿੱਚ ਪਾਕਿਸਤਾਨ ਦਾ ਹਮਲਾ ਹੋਵੇ ਜਾਂ ਫਿਰ 1962 ਦੀ ਭਾਰਤ-ਚੀਨ ਲੜਾਈ ਅਤੇ 1965 ਅਤੇ 1971 ਦੇ ਭਾਰਤ-ਪਾਕਿਸਤਾਨ ਯੁੱਧ।

ਪ੍ਰਬਪਾਲ ਸਿੰਘ ਦੱਸਦੇ ਹਨ, ”1942 ਵਿੱਚ ਉਨ੍ਹਾਂ ਨੂੰ ਕਿੰਗਜ਼ ਕਮਿਸ਼ਨ ਮਿਲਿਆ ਸੀ। ਉਨ੍ਹਾਂ ਨੇ ਬ੍ਰਿਟਿਸ਼ ਫੋਰਸਾਂ ਨਾਲ ਸਿੰਗਾਪੁਰ ਅਤੇ ਮਲਾਇਆ ਨੂੰ ਆਜ਼ਾਦ ਕਰਵਾਇਆ ਸੀ।”
”ਸਾਲ 1948 ਵਿੱਚ ਉਹ ਕਸ਼ਮੀਰ ਵਿੱਚ ਪਾਕਿਸਤਾਨ ਦੇ ਖਿਲਾਫ਼ ਲੜੇ, ਜਿੱਥੇ ਉਹ ਬ੍ਰਿਗੇਡੀਅਰ ਉਸਮਾਨ ਦੇ ਸਟਾਫ਼ ਅਫ਼ਸਰ ਸਨ। ਜਦੋਂ ਉਸਮਾਨ ਲੜਾਈ ਵਿੱਚ ਮਾਰੇ ਗਏ ਤਾਂ ਉਹ ਉਨ੍ਹਾਂ ਤੋਂ 20 ਗਜ਼ ਦੀ ਦੂਰੀ ‘ਤੇ ਸਨ।”
ਪ੍ਰਬਪਾਲ ਸਿੰਘ ਅੱਗੇ ਦੱਸਦੇ ਹਨ, ”1962 ਦੀ ਲੜਾਈ ਵਿੱਚ ਉਹ ਤੇਜਪੁਰ ਵਿੱਚ ਸਨ। ਉਹ ਜ਼ਖ਼ਮੀ ਭਾਰਤੀ ਫ਼ੌਜੀਆਂ ਨੂੰ ਇੱਕ ਮਜ਼ਦੂਰ ਵਾਂਗ ਆਪਣੇ ਮੋਢਿਆਂ ‘ਤੇ ਚੁੱਕ ਕੇ ਤੇਜਪੁਰ ਹਸਪਤਾਲ ਤੱਕ ਲਿਆਏ ਸਨ।”
”1965 ਦੀ ਲੜਾਈ ਵਿੱਚ ਉਹ ਹਾਜੀਪੀਰ ਦੇ ਮੋਰਚੇ ‘ਤੇ ਸਨ। ਉਹ ਇਕੱਲੇ ਅਫ਼ਸਰ ਸਨ ਜਿਨ੍ਹਾਂ ਨੂੰ ਲੈਫਟੀਨੈਂਟ ਕਰਨਲ ਤੋਂ ਸਿੱਧਾ ਬ੍ਰਿਗੇਡੀਅਰ ਦੇ ਤੌਰ ‘ਤੇ ਪ੍ਰਮੋਟ ਕੀਤਾ ਗਿਆ ਸੀ।”
”ਸਾਲ 1969 ਵਿੱਚ ਉਹ ਨਾਗਾਲੈਂਡ ਪੋਸਟਿੰਗ ‘ਤੇ ਚਲੇ ਗਏ ਸਨ। ਜਦੋਂ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਉਨ੍ਹਾਂ ਨੂੰ ਉੱਥੋਂ ਹੀ ਬੁਲਾਇਆ ਗਿਆ ਸੀ।”
ਸੁਬੇਗ ਸਿੰਘ ਤੋਂ ਬਣੇ ਬੇਗ
1971 ਵਿੱਚੋਂ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਭਾਰਤੀ ਫ਼ੌਜ ਦੇ ਮੁਖੀ ਸੈਮ ਮਾਨੇਕ ਸ਼ਾਅ ਨੇ ਉਨ੍ਹਾਂ ਨੂੰ ਦਿੱਲੀ ਤਲਬ ਕੀਤਾ।
ਜਿੱਥੇ ਉਨ੍ਹਾਂ ਨੂੰ ਬੰਗਾਲੀ ਖਾੜਕੂਆਂ ਦੀ ਜਥੇਬੰਦੀ ਮੁਕਤੀ ਬਾਹਿਨੀ ਨੂੰ ਖੜ੍ਹੀ ਕਰਨ ਅਤੇ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ।

ਇਹ ਇੱਕ ਗੁਪਤ ਮਿਸ਼ਨ ਸੀ ਕਿਉਂਕਿ ਭਾਰਤ ਦੁਨੀਆ ਨੂੰ ਇਹ ਨਹੀਂ ਦਿਖਾਉਣਾ ਚਾਹੁੰਦਾ ਸੀ ਕਿ ਉਹ ਮੁਕਤੀ ਬਾਹਿਨੀ ਨੂੰ ਸਿਖਲਾਈ ਦੇ ਰਿਹਾ ਹੈ।

ਅਧਿਕਾਰਿਤ ਤੌਰ ‘ਤੇ ਭਾਰਤ ਨੇ ਅਜੇ ਤੱਕ ਸਵੀਕਾਰ ਨਹੀਂ ਕੀਤਾ ਕਿ ਉਸ ਨੇ ਮੁਕਤੀ ਬਾਹਿਨੀ ਨੂੰ ਸਿਖਲਾਈ ਦਿੱਤੀ ਹੈ।
ਪੂਰਬੀ ਕਮਾਨ ਦੇ ਮੁਖੀ ਜਨਰਲ ਜਗਜੀਤ ਸਿੰਘ ਅਰੋੜਾ ਦਾ ਮੰਨਣਾ ਸੀ ਕਿ ਮੁਕਤੀ ਬਾਹਿਨੀ ਦੀ ਸਿਖਲਾਈ ਵਿੱਚ ਸੁਬੇਗ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ।

ਸੁਬੇਗ ਸਿੰਘ ਦੇ ਬੇਟੇ ਪ੍ਰਬਪਾਲ ਸਿੰਘ ਦੱਸਦੇ ਹਨ, ”ਜਦੋਂ ਮੇਰੇ ਪਿਤਾ ਮੁਕਤੀ ਬਾਹਿਨੀ ਨੂੰ ਟਰੇਨ ਕਰ ਰਹੇ ਸਨ ਤਾਂ ਸਾਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਰਹਿ ਰਹੇ ਹਨ।”
ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਤ
ਬੰਗਲਾ ਦੇਸ਼ ਯੁੱਧ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲਈ ਭਾਰਤ ਸਰਕਾਰ ਨੇ ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕਿਆ ਸੀ।
ਪ੍ਰਬਪਾਲ ਸਿੰਘ ਨੂੰ ਹੁਣ ਤੱਕ ਯਾਦ ਹੈ, ਕਿ ਉਹ ਵੀ ਪੁਰਸਕਾਰ ਵੰਡ ਸਮਾਰੋਹ ਵਿੱਚ ਭਾਗ ਲੈਣ ਆਪਣੇ ਪਿਤਾ ਨਾਲ ਰਾਸ਼ਟਰਪਤੀ ਭਵਨ ਗਏ ਸਨ।
ਰਾਓ ਫ਼ਰਮਾਨ ਅਲੀ ਨੇ ਰੱਖਿਆ ਸੀ 10 ਲੱਖ ਰੁਪਏ ਦਾ ਇਨਾਮ
1971 ਦੇ ਯੁੱਧ ਤੋਂ ਬਾਅਦ ਸੁਬੇਗ ਸਿੰਘ ਨੂੰ ਜਬਲਪੁਰ ਵਿੱਚ ਪਾਕਿਸਤਾਨੀ ਫ਼ੌਜੀਆਂ ਦੇ ਯੁੱਧਬੰਦੀ ਕੈਂਪ ਦਾ ਇੰਚਾਰਜ ਬਣਾਇਆ ਗਿਆ।
ਉਸੇ ਕੈਂਪ ਵਿੱਚ ਜਨਰਲ ਨਿਆਜ਼ੀ ਅਤੇ ਪਾਕਿਸਤਾਨੀ ਫ਼ੌਜ ਦੇ ਸੀਨੀਅਰ ਅਫ਼ਸਰਾਂ ਨੂੰ ਰੱਖਿਆ ਗਿਆ ਸੀ।
ਇੱਕ ਵਾਰ ਜਦੋਂ ਸੁਬੇਗ ਸਿੰਘ ਯੁੱਧਬੰਦੀ ਕੈਂਪ ਜਾ ਰਹੇ ਸਨ ਤਾਂ ਉਨ੍ਹਾਂ ਦੇ ਬੇਟੇ ਪ੍ਰਬਪਾਲ ਸਿੰਘ ਨੇ ਵੀ ਉਨ੍ਹਾਂ ਨਾਲ ਉੱਥੇ ਜਾਣ ਦੀ ਇੱਛਾ ਪ੍ਰਗਟ ਕੀਤੀ।
ਪ੍ਰਬਪਾਲ ਦੱਸਦੇ ਹਨ, ”ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉੱਥੇ ਪਾਕਿਸਤਾਨੀ ਫ਼ੌਜ ਦੇ ਕਈ ਵੱਡੇ ਅਫ਼ਸਰ ਬੈਠੇ ਹੋਏ ਸਨ। ਇੰਨੇ ਵਿੱਚ ਮੇਜਰ ਜਨਰਲ ਰਾਓ ਫ਼ਰਮਾਨ ਅਲੀ ਕਮਰੇ ਦੇ ਅੰਦਰ ਆਏ, ਆਉਂਦੇ ਹੀ ਉਨ੍ਹਾਂ ਨੇ ਮੇਰੇ ਪਿਤਾ ਵੱਲ ਗੌਰ ਨਾਲ ਦੇਖਿਆ। ਨਿਆਜ਼ੀ ਨੇ ਹੱਸ ਕੇ ਕਿਹਾ, ਇਸ ਬਹਿਰੂਪੀਏ ਨੂੰ ਨਹੀਂ ਪਛਾਣਿਆ?”
”ਫ਼ਰਮਾਨ ਅਲੀ ਬੋਲੇ, ”ਨਹੀਂ, ਪਰ ਲੱਗਦਾ ਹੈ ਮੈਂ ਇਨ੍ਹਾਂ ਨੂੰ ਕਿਧਰੇ ਦੇਖਿਆ ਹੋਇਆ ਹੈ।” ਫਿਰ ਮੇਰੇ ਪਿਤਾ ਜੀ ਨੇ ਆਪਣੀ ਪੱਗ ਉਤਾਰ ਦਿੱਤੀ।
ਫ਼ਰਮਾਨ ਅਲੀ ਨੇ ਕਿਹਾ, ”ਯੂ ਆਰ ਮਿਸਟਰ ਬੇਗ।” ਮੇਰੇ ਪਿਤਾ ਜੀ ਨੇ ਆਪਣੀ ਪੱਗ ਸਿਰ ਉੱਤੇ ਰੱਖ ਕੇ ਕਿਹਾ, ”ਆਈ ਐੱਮ ਜਨਰਲ ਸੁਬੇਗ ਸਿੰਘ।”
ਫਿਰ ਮੈਂ ਫ਼ਰਮਾਨ ਅਲੀ ਤੋਂ ਪੁੱਛਿਆ ਕਿ ਤੁਸੀਂ ਇਨ੍ਹਾਂ ਨਾਲ ਇਸ ਲਹਿਜੇ ਵਿੱਚ ਕਿਉਂ ਗੱਲ ਕੀਤੀ? ਉਨ੍ਹਾਂ ਨੇ ਕਿਹਾ, ”ਯੂ ਨੋ ਯੋਅਰ ਫਾਦਰ ਵਾਜ਼ ਵਾਂਟੇਡ ਡੈੱਡ ਔਰ ਅਲਾਈਵ ਫਾਰ 10 ਲੈਕ ਰੁਪੀਜ਼।”
ਮੈਂ ਇਨ੍ਹਾਂ ਉੱਪਰ ਇਨਾਮ ਰੱਖਿਆ ਹੋਇਆ ਸੀ ਕਿ ਜੋ ਇਨ੍ਹਾਂ ਨੂੰ ਜਿਉਂਦਾ ਜਾਂ ਮੁਰਦਾ ਫੜੇਗਾ, ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।
ਜਨਰਲ ਸੁਬੇਗ ਸਿੰਘ ਨੌਕਰੀ ਤੋਂ ਹੋਏ ਬਰਖ਼ਾਸਤ
ਇਸ ਤੋਂ ਬਾਅਦ ਉਨ੍ਹਾਂ ਦੀ ਉੱਤਰ ਪ੍ਰਦੇਸ਼ ਵਿੱਚ ਬਰੇਲੀ ਵਿੱਚ ਤੈਨਾਤੀ ਹੋ ਗਈ ਸੀ। ਬਰੇਲੀ ਦਾ ਇਲਾਕਾ ਕਾਫ਼ੀ ਵੱਡਾ ਹੈ ਅਤੇ ਚੀਨ ਦੀ ਸੀਮਾ ਤੱਕ ਜਾਂਦਾ ਹੈ।
ਉਸ ਦੇ ਅੰਦਰ ਦੋ, ਤਿੰਨ ਟਰੇਨਿੰਗ ਸੈਂਟਰ ਆਉਂਦੇ ਹਨ। ਉੱਥੇ ਇੱਕ ਆਡਿਟ ਰਿਪੋਰਟ ਵਿੱਚ ਵਿੱਤੀ ਤਰੁੱਟੀਆਂ ਦਾ ਪਤਾ ਲੱਗਿਆ।
ਜਨਰਲ ਸੁਬੇਗ ਸਿੰਘ ਨੇ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਜੋ ਫੌਜ ਦੇ ਆਲ੍ਹਾ ਅਧਿਕਾਰੀਆਂ ਨੂੰ ਪਸੰਦ ਨਹੀਂ ਆਈ।
ਨਤੀਜਾ ਇਹ ਹੋਇਆ ਕਿ ਜਨਰਲ ਸੁਬੇਗ ਸਿੰਘ ਦੀ ਰਿਟਾਇਰਮੈਂਟ ਤੋਂ ਸਿਰਫ਼ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਬਿਨਾਂ ਕਿਸੇ ਮੁਕੱਦਮੇ ਜਾਂ ਕੋਰਟ ਮਾਰਸ਼ਲ ਦੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਉਨ੍ਹਾਂ ਦੀ ਪੈਨਸ਼ਨ ਵੀ ਰੋਕ ਦਿੱਤੀ ਗਈ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਹੋਰ ਇਲਜ਼ਾਮ ਵੀ ਲਗਾਏ ਗਏ।

ਉਨ੍ਹਾਂ ‘ਤੇ ਆਪਣਾ ਮਕਾਨ ਬਣਾਉਣ ਵਿੱਚ ਆਪਣੀ ਆਮਦਨ ਦੇ ਸਰੋਤ ਤੋਂ ਕਿਧਰੇ ਜ਼ਿਆਦਾ ਧਨ ਲਗਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ।

ਆਪ੍ਰੇਸ਼ਨ ਬਲੂਸਟਾਰ ‘ਤੇ ਕਿਤਾਬ ‘ਅੰਮ੍ਰਿਤਸਰ ਮਿਸਿਜ਼ ਗਾਂਧੀਜ਼ ਲਾਸਟ ਬੈਟਲ’ ਲਿਖਣ ਵਾਲੇ ਸਤੀਸ਼ ਜੈਕਬ ਦੱਸਦੇ ਹਨ, ”ਸਰਕਾਰ ਦੇ ਇਸ ਕਦਮ ਨੇ ਜਨਰਲ ਸੁਬੇਗ ਸਿੰਘ ਨੂੰ ਬਹੁਤ ਦੁਖੀ ਅਤੇ ਸਰਕਾਰ ਵਿਰੋਧੀ ਬਣਾ ਦਿੱਤਾ।”
”ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ। ਅਦਾਲਤ ਨੇ ਉਨ੍ਹਾਂ ਖਿਲਾਫ਼ ਲੱਗੇ ਇਲਜ਼ਾਮਾਂ ਨੂੰ ਗ਼ਲਤ ਪਾਇਆ, ਪਰ ਇਸ ਦੇ ਬਾਵਜੂਦ ਸਰਕਾਰ ਦੇ ਪ੍ਰਤੀ ਉਨ੍ਹਾਂ ਦੇ ਰਵੱਈਏ ਵਿੱਚ ਕੋਈ ਤਬਦੀਲੀ ਨਹੀਂ ਆਈ।”
”ਫਿਰ ਉਨ੍ਹਾਂ ਨੇ ਆਪਣੇ ਮਨ ਦੀ ਸ਼ਾਂਤੀ ਲਈ ਧਰਮ ਦਾ ਸਹਾਰਾ ਲਿਆ ਅਤੇ ਉਦੋਂ ਉਹ ਜਰਨੈਲ ਸਿੰਘ ਭਿੰਡਰਾਵਾਲੇ ਦੇ ਪ੍ਰਭਾਵ ਵਿੱਚ ਆ ਗਏ।”
++
ਜਨਰਲ ਸੁਬੇਗ ਦੀ ਮੌਤ
ਜਨਰਲ ਕੇਐੱਸ ਬਰਾੜ ਆਪਣੀ ਕਿਤਾਬ ‘ਆਪ੍ਰੇਸ਼ਨ ਬਲੂ ਸਟਾਰ ਦਿ ਟਰੂ ਸਟੋਰੀ’ ਵਿੱਚ ਲਿਖਦੇ ਹਨ, ”ਸਾਨੂੰ ਜਨਰਲ ਸੁਬੇਗ ਸਿੰਘ ਦੀ ਲਾਸ਼ ਤਹਿਖਾਨੇ ਵਿੱਚ ਮਿਲੀ। ਮਰਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਹੱਥ ਵਿੱਚ ਕਾਰਬਾਈਨ ਫੜੀ ਹੋਈ ਸੀ। ਉਨ੍ਹਾਂ ਦਾ ਵਾਕੀ ਟਾਕੀ ਉਨ੍ਹਾਂ ਦੀ ਲਾਸ਼ ਦੇ ਕੋਲ ਜ਼ਮੀਨ ‘ਤੇ ਪਿਆ ਹੋਇਆ ਸੀ।’

ਲੇਕਿਨ ਜਨਰਲ ਸੁਬੇਗ ਸਿੰਘ ਦੇ ਬੇਟੇ ਪ੍ਰਬਪਾਲ ਸਿੰਘ ਸੁਬੇਗ ਸਿੰਘ ਦੀ ਮੌਤ ਦਾ ਦੂਜਾ ਹੀ ਵੇਰਵਾ ਦਿੰਦੇ ਹਨ।
ਉਹ ਕਹਿੰਦੇ ਹਨ, ”ਮੈਂ ਕਈ ਲੋਕਾਂ ਨੂੰ ਮਿਲਿਆ ਸੀ ਜਿਨ੍ਹਾਂ ਨੂੰ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜਨਰਲ ਸੁਬੇਗ ਸਿੰਘ ਦੀ ਮੌਤ ਪਹਿਲੇ ਹੀ ਦਿਨ ਯਾਨੀ 5 ਜੂਨ ਨੂੰ ਹੋ ਗਈ ਸੀ।”
ਸਰਕਾਰ ਨੇ ਛੇ ਤਰੀਕ ਨੂੰ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ ਜਦੋਂਕਿ ਉਹ ਇੱਕ ਦਿਨ ਪਹਿਲਾਂ ਹੀ ਮਰ ਗਏ ਸਨ।

”ਮੇਰੇ ਪਿਤਾ ਦਾ ਅੰਤਿਮ ਸੰਸਕਾਰ ਕਦੋਂ ਹੋਇਆ, ਕਿਵੇਂ ਹੋਇਆ, ਮੈਨੂੰ ਕੁਝ ਵੀ ਪਤਾ ਨਹੀਂ। ਉਨ੍ਹਾਂ ਨੇ ਨਾ ਤਾਂ ਸਾਨੂੰ ਉਨ੍ਹਾਂ ਦੀ ਕੋਈ ਚੀਜ਼ ਦਿੱਤੀ ਅਤੇ ਨਾ ਹੀ ਉਨ੍ਹਾਂ ਦੀਆਂ ਅਸਥੀਆਂ।”

ਜੁਲਾਈ 1984 ਵਿੱਚ ਸਰਕਾਰ ਵੱਲੋਂ ਜਾਰੀ ਕੀਤੇ ਗਏ ਵ੍ਹਾਈਟ ਪੇਪਰ ਵਿੱਚ ਕਿਹਾ ਗਿਆ ਕਿ ਆਪਰੇਸ਼ਨ ਬਲੂ ਸਟਾਰ ਵਿੱਚ ਫੌਜ ਦੇ 83 ਜਵਾਨਾਂ ਦੀ ਮੌਤ ਹੋਈ ਜਿਸ ਵਿੱਚ 4 ਅਫ਼ਸਰ ਸਨ।

ਇਸ ਤੋਂ ਇਲਾਵਾ 273 ਫ਼ੌਜੀ ਅਤੇ 12 ਅਫ਼ਸਰ ਜ਼ਖ਼ਮੀ ਹੋਏ।

ਸਰਕਾਰੀ ਵਾਇਟ ਪੇਪਰ ਮੁਤਾਬਕ 492 ਆਮ ਲੋਕਾਂ ਦੇ ਮਾਰੇ ਜਾਣ 86 ਦੇ ਜਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ। ਪਰ ਕਈ ਸਿੱਖ ਵਿਦਵਾਨਾਂ ਨੇ ਵੱਖ ਵੱਖ ਹਵਾਲਿਆਂ ਮਰਨ ਵਾਲੇ ਆਮ ਲੋਕਾਂ ਦੀ ਗਿਣਤੀ ਹਜ਼ਾਰਾਂ ਵਿਚ ਦੱਸਦੇ ਹਨ।

 

Have something to say? Post your comment

More Entries

    None Found