ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਕਲ ਨੂੰ ਦਿੱਲੀ ਵਿਖੇ: ਹਰਮੀਤ ਸਿੰਘ ਕਾਲਕਾ*
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਕਲ ਨੂੰ ਦਿੱਲੀ ਵਿਖੇ: ਹਰਮੀਤ ਸਿੰਘ ਕਾਲਕਾ
ਸਮੂਹ ਇਸਤਰੀ ਸਤਿਸੰਗ ਸਭਾਵਾਂ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਰਾਹੀਂ ਸ਼ਰਧਾਂਜਲੀ
ਨਵੀਂ ਦਿੱਲੀ 25 ਜੁਲਾਈ,2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਮਹਾਨ ਸੂਰਮਿਆਂ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350ਵੇੱ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਦਿੱਲੀ ਵਿਖੇ ਆਯੋਜਿਤ ਕਰਵਾਇਆ ਜਾ ਰਿਹਾ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਸਿਆ ਹੈ ਕਿ ਇਹ ਸਮਾਗਮ ਨਾ ਸਿਰਫ ਇੱਕ ਧਾਰਮਿਕ ਸਨਮਾਨ ਹੈ, ਸਗੋਂ ਅਜੋਕੀ ਪੀੜ੍ਹੀ ਲਈ ਵੀ ਇੱਕ ਪ੍ਰੇਰਣਾ ਹੈ ਕਿ ਧਰਮ ਦੀ ਰਾਖੀ ਲਈ ਆਪਣੀ ਜ਼ਿੰਦਗੀ ਵਾਰ ਦੇਣ ਵਾਲਿਆਂ ਦੀ ਸ਼ਹਾਦਤ ਨੂੰ ਸਦਕੇ ਨਮਨ ਕੀਤਾ ਜਾਵੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 27 ਜੁਲਾਈ 2025 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਨਵੀਂ ਦਿੱਲੀ ਵਿਖੇ ਇਹ ਇਤਿਹਾਸਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਇਹ ਸਮਾਗਮ 27 ਜੁਲਾਈ ਨੂੰ ਸਵੇਰੇ 10 ਵਜੇ ਸ਼ੁਰੂ ਹੋਕੇ ਦੁਪਹਿਰ 1:45 ਵਜੇ ਤੱਕ ਚੱਲੇਗਾ, ਜਿਸ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰੂ ਦੀ ਬਾਣੀ ਅਤੇ ਸ਼ਹੀਦੀ ਦੇ ਸੰਦੇਸ਼ ਨਾਲ ਗੂੰਜੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸਮਾਗਮ ਵਿੱਚ ਨਾਮਵਰ ਢਾਡੀ ਜੱਥੇ ਅਤੇ ਕੀਰਤਨੀ ਬੀਬੀਆਂ ਸ਼ਾਮਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਬੀਬੀ ਸਰਬਜੀਤ ਕੌਰ ਮਾਂਗੇਵਾਲੇ, ਬੀਬੀ ਰਾਜਵਿੰਦਰ ਕੌਰ ਬਟਾਲਾ ਵਾਲੇ, ਬੀਬੀ ਮਨਪ੍ਰੀਤ ਕੌਰ ਬਰੇਲੀ ਤੋਂ, ਅਤੇ ਪ੍ਰੋਫੈਸਰ ਮਨਜੀਤ ਕੌਰ (ਸ਼ਹੀਦ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ) ਵਿਸ਼ੇਸ਼ ਰੂਪ ਵਿੱਚ ਗੁਰਬਾਣੀ ਦੀ ਰਾਹੀਂ ਸੰਗਤ ਨੂੰ ਨਿਹਾਲ ਕਰਨਗੀਆਂ। ਇਸ ਦੇ ਨਾਲ ਨਾਲ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਤੋਂ 350 ਬੀਬੀਆਂ ਵੀ ਗੁਰਮਤਿ ਕੀਰਤਨ ਰਾਹੀਂ ਸ਼ਰਧਾਂਜਲੀਆਂ ਭੇਟ ਕਰਨਗੀਆਂ।
ਇਸ ਪਵਿਤਰ ਸਮਾਗਮ ਦੌਰਾਨ ਗੁਰੂ ਕੇ ਲੰਗਰ ਦੀ ਅਤੁੱਟ ਸੇਵਾ ਵੀ ਚਲਦੀ ਰਹੇਗੀ, ਤਾਂ ਜੋ ਹਰ ਆਏ ਮਹਿਮਾਨ ਨੂੰ ਵਿਸ਼ੇਸ਼ ਸਤਿਕਾਰ ਮਿਲੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਗੁਰਮਤਿ ਸਮਾਗਮ ਵਿੱਚ ਪੂਰੇ ਪਰਿਵਾਰ ਸਮੇਤ ਹਾਜ਼ਰੀ ਭਰਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਧ ਚੜ੍ਹ ਕੇ ਸ਼ਾਮਿਲ ਹੋਣ।
ਇਹ ਸਮਾਗਮ ਵੱਖ–ਵੱਖ ਡਿਜੀਟਲ ਮਾਧਿਅਮਾਂ ਰਾਹੀਂ ਲਾਈਵ ਵੀ ਦਿਖਾਇਆ ਜਾਵੇਗਾ, ਜੋ ਕਿ www.dsgmc.in, gsps.live, param sikh itihaas, Sikhi Channel, Amrit Ras Live ਅਤੇ “Akaal Sahay” ਫੇਸਬੁੱਕ ਤੇ YouTube ਚੈਨਲਾਂ ‘ਤੇ ਵੇਖਿਆ ਜਾ ਸਕਦਾ ਹੈ।