Saturday, March 29, 2025

ਬਿਕਰਮ ਸਿੰਘ ਮਜੀਠੀਆ ਨੇ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਨੂੰ ਗੈਂਗਸਟਰਵਾਦ ਦੁਸ਼ਮਣੀ ਵਜੋਂ ਪੇਸ਼ ਕਰਨ ’ਤੇ ਅੰਮ੍ਰਿਤਸਰ ਪੁਲਿਸ ਦੀ ਕੀਤੀ ਨਿਖੇਧੀ

May 27, 2025 6:52 AM
Bsm (3)

ਬਿਕਰਮ ਸਿੰਘ ਮਜੀਠੀਆ ਨੇ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਨੂੰ ਗੈਂਗਸਟਰਵਾਦ ਦੁਸ਼ਮਣੀ ਵਜੋਂ ਪੇਸ਼ ਕਰਨ ’ਤੇ ਅੰਮ੍ਰਿਤਸਰ ਪੁਲਿਸ ਦੀ ਕੀਤੀ ਨਿਖੇਧੀ

 

ਕਿਹਾ ਕਿ ਇਹ ਕਾਤਲ ਵਿਧਾਇਕ ਹਰਭਜਨ ਸਿੰਘ ਈ ਟੀ ਓ ਦੀ ਪੁਸ਼ਤਪਨਾਹੀ ਹੇਠ ਜ਼ਹਿਰੀਲੀ ਸ਼ਰਾਬ ਤੇ ਨਸ਼ਾ ਤਸਕਰੀ ਵਿਚ ਵੀ ਸ਼ਾਮਲ

 


ਅੰਮ੍ਰਿਤਸਰ, 27 ਮਈ
: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ  ਦੇ ਕਤਲ ਨੂੰ ਗੈਂਗਸਟਰਵਾਦ ਦੁਸ਼ਮਣੀ ਵਜੋਂ ਪੇਸ਼ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਕਾਤਲ ਸਥਾਨਕ ਪੁਲਿਸ ਤੇ ਜੰਡਿਆਲਾ ਗੁਰੂ ਦੇ ਆਮ ਆਦਮੀ ਪਾਰਟੀ (ਆਪ) ਵਿਧਾਇਕ ਹਰਭਜਨ ਸਿੰਘ ਈ ਟੀ ਓ ਦੀ ਸਰਗਰਮ ਮਦਦ ਨਾਲ ਜ਼ਹਿਰੀਲੀ ਸ਼ਰਾਬ ਤੇ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ 8 ਘੰਟਿਆਂ ਵਿਚ ਹੀ ਕਤਲ ਕੇਸ ਦੀ ਗੁੱਥੀ ਸੁਲਝਾਉਣ ਦਾ ਮਖੌਲ ਵੀ ਉਡਾਇਆ। ਉਹਨਾਂ ਕਿਹਾ ਕਿ ਜਦੋਂ 19 ਫਰਵਰੀ ਨੂੰ ਹਰਜਿੰਦਰ ’ਤੇ ਹਮਲਾ ਹੋਇਆ ਤਾਂ ਉਸ ਵੇਲੇ ਪੁਲਿਸ ਕਿਥੇ ਸੀ ? ਉਹਨਾਂ ਕਿਹਾ ਕਿ ਇਹਨਾਂ ਹੀ ਲੋਕਾਂ ਨੇ 7 ਮਿੰਟਾਂ ਤੱਕ ਉਹਨਾਂ ਦੀ ਰਿਹਾਇਸ਼ ’ਤੇ ਗੋਲੀਬਾਰੀ ਕੀਤੀ ਪਰ ਪੁਲਿਸ ਨੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਹਰਜਿੰਦਰ ਵੱਲੋਂ ਐਸ ਐਚ ਓ ਹਰਚੰਦ ਸਿੰਘ ਨੂੰ ਕੀਤੀਆਂ ਅਪੀਲਾਂ ਦਾ ਵੀ ਕੋਈ ਅਸਰ ਨਹੀਂ ਹੋਇਆ ਤੇ ਐਸ ਐਚ ਓ ਨੇ ਇਹ ਆਖ ਦਿੱਤਾ ਕਿ ਉਹ ਮਾਮਲੇ ਵਿਚ ਕੁਝ ਨਹੀਂ ਕਰ ਸਕਦੇ ਕਿਉਂਕਿ ਆਪ ਵਿਧਾਇਕ ਦਾ ਦਬਾਅ ਹੈ।

ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਹਰਜਿੰਦਰ ਸਿੰਘ ਆਪ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਗੰਢਤੁੱਪ ਦਾ ਸ਼ਿਕਾਰ ਹੋ ਗਏ ਹਨ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਅਤੇ ਹਰਜਿੰਦਰ ਵੱਲੋਂ ਜੰਡਿਆਲਾ ਗੁਰੂ ਦੇ ਸਬ ਇੰਸਪੈਕਟਰ ਤੋਂ ਲੈ ਕੇ ਐਸ ਐਸ ਪੀ ਤੱਕ ਕੀਤੀਆਂ ਸ਼ਿਕਾਇਤਾਂ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੁੰਦੀ ਤਾਂ ਉਹ ਅੱਜ ਜਿਉਂਦੇ ਹੁੰਦੇ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹਮਲਾਵਰਾਂ ਨੇ ਹਰਜਿੰਦਰ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਇਸ ਸ਼ਹਿਰ ਵਿਚ ਹੁਣ ਤੱਕ ਇਕ ਮਹੀਨੇ ਵਿਚ 30 ਕਤਲ ਹੋ ਗਏ ਹਨ ਜਿਸ ਤੋਂ ਸਪਸ਼ਟ ਹੈ ਕਿ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਇਕ ਸਕੂਟਰ ਚਲਾਉਣ ਵਾਲੇ ਨੂੰ ਭੀੜੀ ਗਲੀ ਵਿਚ ਨੇੜਿਓਂ ਗੋਲੀ ਮਾਰ ਦਿੱਤੀ ਗਈ। ਉਹਨਾਂ ਕਿਹਾ ਕਿ ਛੇਹਰਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਹਰਜਿੰਦਰ ਨੂੰ ਵੀ ਭੀੜ ਭਾੜ ਇਲਾਕੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਘਟਨਾ ਵਿਚ ਹੋਰ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ।

ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਪੁਲਿਸ ਅਜਿਹੀਆਂ ਘਟਨਾਵਾਂ ਟਾਲਣ ਵਾਸਤੇ ਕੀ ਕਰ ਰਹੀ ਸੀ ? ਉਹਨਾਂ ਕਿਹਾ ਕਿ ਪੁਲਿਸ ਘਟਨਾ ਵਾਪਰਨ ਦੇ ਮਗਰੋਂ ਹੀ ਜਾਗਦੀ ਹੈ ਤੇ ਫਿਰ ਕੇਸ ਹੱਲ ਕਰਨ ਜਾਂ ਪੀੜਤਾਂ ਨੂੰ ਬਦਨਾਮ ਕਰਨ ਦਾ ਕੰਮ ਕਰਦੀ ਹੈ।

Have something to say? Post your comment

More Entries

    None Found