ਐਸ.ਐਸ.ਪੀ. ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਉਚ ਪੱਧਰੀ ਮੀਟਿੰਗ*
– ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਤੇ ਕਾਨੂੰਨ ਵਿਵਸਥਾ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਤੋਂ ਇਲਾਵਾ ਲੋਕ-ਪੁਲਿਸ ਸਾਂਝ ‘ਤੇ ਦਿੱਤਾ ਜ਼ੋਰ
ਜਲੰਧਰ, 15 ਮਈ:
ਐਸ.ਐਸ.ਪੀ.(ਜਲੰਧਰ ਦਿਹਾਤੀ) ਸ਼੍ਰੀ ਹਰਵਿੰਦਰ ਸਿੰਘ ਵਿਰਕ ਵਲੋਂ ਅੱਜ ਇਕ ਵਿਸ਼ੇਸ਼ ਅਤੇ ਮਹੱਤਵਪੂਰਨ ਉੱਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਰਮਿੰਦਰ ਸਿੰਘ ਹੀਰ ਐਸ.ਪੀ ਹੈੱਡ ਕੁਆਰਟਰ, ਮਨਜੀਤ ਕੌਰ ਐਸ.ਪੀ, ਪੀ.ਬੀ.ਆਈ, ਸਾਰੇ ਗਜਟਿਡ ਅਫਸਰ, ਐਸ.ਐਚ.ਓਜ਼ ਅਤੇ ਚੌਂਕੀ ਇੰਚਾਰਜ ਸ਼ਾਮਲ ਹੋਏ।
ਮੀਟਿੰਗ ਵਿੱਚ ਜਿੱਥੇ ਪੰਜਾਬ ਸਰਕਾਰ ਵਲੋਂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ, ਉੱਥੇ ਕਾਨੂੰਨ ਵਿਵਸਥਾ ਤੇ ਆਮ ਲੋਕਾਂ ਅਤੇ ਪੁਲਿਸ ਦੀ ਆਪਸੀ ਸਾਂਝ ਬਰਕਰਾਰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ।
ਐਸ.ਐਸ.ਪੀ. ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਵਿਕਰੇਤਾ ਉਤੇ ਕਾਨੂੰਨੀ ਤੌਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਜੋ ਨਸ਼ਾ ਕਰਨ ਦੇ ਆਦੀ ਹਨ, ਉਹਨਾ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਸਹਿਯੋਗ ਕੀਤਾ ਜਾਵੇ, ਤਾਂ ਜੋ ਉਹ ਨਸ਼ੇ ਛੱਡ ਕੇ ਸਧਾਰਨ ਜ਼ਿੰਦਗੀ ਬੀਤਾ ਸਕਣ ।
ਉਨ੍ਹਾਂ ਕਿਹਾ ਟਰੈਫਿਕ ਪ੍ਰਬੰਧਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਜਨਤਾ ਨੂੰ ਟ੍ਰੈਫਿਕ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਵਧੇਰੇ ਚੌਕਸੀ ਅਤੇ ਯੋਜਨਾਬੱਧ ਰਣਨੀਤੀਆਂ ਅਪਣਾਈਆਂ ਜਾਣ।
ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ਵਿਚ ਮਾੜੇ ਅਨਸਰਾਂ ਵੱਲੋਂ ਅਮਨ ਸ਼ਾਂਤੀ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੱਤਾਂ ਨਾਲ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਉਤੇ ਤੁਰੰਤ ਤੇ ਢਿੱਲ ਰਹਿਤ ਕਾਰਵਾਈ ਕੀਤੀ ਜਾਵੇ।
ਸ਼੍ਰੀ ਵਿਰਕ ਨੇ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਨਤਾ ਨਾਲ ਵਿਸ਼ਵਾਸਯੋਗ ਸੰਪਰਕ ਬਣਾਇਆ ਜਾਵੇ, ਤਾਂ ਜੋ ਲੋਕ ਪੁਲਿਸ ਪ੍ਰਤੀ ਆਪਣਾ ਭਰੋਸਾ ਵਧਾ ਸਕਣ ਅਤੇ ਆਪਣੀਆਂ ਸਮੱਸਿਆਵਾਂ ਬੇਝਿਜਕ ਸਾਂਝੀਆਂ ਕਰ ਸਕਣ।