Saturday, March 29, 2025

ਐਮ ਪੀ ਡਾ. ਚੱਬੇਵਾਲ ਅਤੇ ਵਿਧਾਇਕ ਜਿੰਪਾ ਵੱਲੋਂ ਰਿੰਗ ਰੋਡ ਹੁਸ਼ਿਆਰਪੁਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

September 22, 2025 5:55 PM
695b9c72 72df 495b 9360 E735a71f92a1

ਐਮ ਪੀ ਡਾ. ਚੱਬੇਵਾਲ ਅਤੇ ਵਿਧਾਇਕ ਜਿੰਪਾ ਵੱਲੋਂ ਰਿੰਗ ਰੋਡ ਹੁਸ਼ਿਆਰਪੁਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

-ਢਾਈ ਕਰੋੜ ਰੁਪਏ ਦੀ ਲਾਗਤ ਨਾਲ  ਬਣੇਗੀ ਢਾਈ ਕਿਲੋਮੀਟਰ ਲੰਬੀ ਆਲੀਸ਼ਾਨ ਸੜਕ

ਹੁਸ਼ਿਆਰਪੁਰ, 22 ਸਤੰਬਰ :
ਹੁਸ਼ਿਆਰਪੁਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਜੰਗੀ ਪੱਧਰ ‘ਤੇ ਚੱਲ ਰਹੇ ਕੰਮਾਂ ਦੀ ਲੜੀ ਤਹਿਤ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਰਿੰਗ ਰੋਡ ਹੁਸ਼ਿਆਰਪੁਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਲੰਬੇ ਸਮੇਂ ਤੋਂ ਬੁਰੇ ਹਾਲਾਤ ‘ਚੋਂ ਗੁਜ਼ਰ ਰਹੀ ਢਾਈ ਕਿਲੋਮੀਟਰ ਲੰਬੀ ਇਸ ਸੜਕ ਦਾ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਕੀਤਾ ਜਾ ਰਿਹਾ ਹੈ। ਬਜਵਾੜਾ ਸਤਸੰਗ ਘਰ ਤੋਂ ਸਵਰਨ ਬਾਈਪਾਸ ਤੱਕ ਬਣ ਰਹੀ 23 ਮੀਟਰ ਚੌੜੀ ਇਸ ਮਜ਼ਬੂਤ ਤੇ ਆਲੀਸ਼ਾਨ ਸੜਕ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਵੱਡਾ ਫਾਇਦਾ ਹੋਵੇਗਾ।

ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਮੌਕੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਸ਼ੁਭ ਕੰਮ ਦਾ ਮਹੂਰਤ ਪਹਿਲੇ ਨਰਾਤੇ ਮੌਕੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਅਤੇ ਹੜ੍ਹਾਂ  ਕਾਰਨ ਸੜਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ 1000 ਕਿਲੋਮੀਟਰ ਸੜਕਾਂ ਪਹਿਲਾਂ ਹੀ ਮਿਲੀਆਂ ਹੋਈਆਂ ਹਨ, ਜਿਨ੍ਹਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ 500 ਕਿਲੋਮੀਟਰ ਹੋਰ ਸੜਕਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ, ਜਿਨਾਂ ਤੇ 71 ਕਰੋੜ ਰੁਪਏ ਖ਼ਰਚ ਹੋਣਗੇ। ਉਨ੍ਹਾਂ ਦੱਸਿਆ ਕਿ ਇਸ  ਤਹਿਤ 25-26 ਸੜਕਾਂ ਬਣਾਈਆਂ ਜਾਣਗੀਆਂ।

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਚੱਲ ਰਿਹਾ ਕੰਮ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਬਾਰਿਸ਼ਾਂ ਕਾਰਨ ਉਸਾਰੀ ਵਿਚ ਕੁਝ ਦੇਰੀ ਹੋਈ ਹੈ, ਪਰੰਤੂ ਹੁਣ ਇਸ ਕੰਮ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੇ ਨਿਰਮਾਣ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਟਿਕਾਊ ਅਤੇ ਮਜ਼ਬੂਤ ਸੜਕਾਂ ਜਨਤਾ ਲਈ ਉਪਲਬੱਧ ਹੋਣ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਐਕਸੀਅਨ ਗੁਰਮੀਤ ਸਿੰਘ ਤੋਂ ਇਲਾਵਾ ਕੌਂਸਲਰ, ਸਰਪੰਚ-ਪੰਚ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ।

Have something to say? Post your comment

More Entries

    None Found