ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਨਾਲ ਸਬੰਧਤ 18 ਸਾਲਾ ਨੌਜਵਾਨ ਏਕਮ ਸਿੰਘ ਸਾਹਨੀ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸ਼ਹਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਇੱਕ ਕਾਰ ਪਾਰਕਿੰਗ ਵਿੱਚ ਹੋਈ, ਜਿੱਥੇ ਝਗੜੇ ਤੋਂ ਬਾਅਦ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ।
ਮ੍ਰਿਤਕ ਦੀ ਪਛਾਣ ਏਕਮ ਸਿੰਘ ਪੁੱਤਰ ਅਮਰਿੰਦਰ ਸਿੰਘ ਸਾਹਨੀ ਵਾਸੀ ਗੁਲਾਬ ਨਗਰ ਕਲੋਨੀ, ਰਾਜਪੁਰਾ ਵਜੋਂ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਉਹ ਕੁਝ ਸਾਲ ਪਹਿਲਾਂ ਪਰਿਵਾਰ ਸਮੇਤ ਆਸਟ੍ਰੇਲੀਆ ਵਿੱਚ ਸੈਟਲ ਹੋਏ ਸਨ।
ਜਾਣਕਾਰੀ ਅਨੁਸਾਰ, ਵੀਰਵਾਰ ਰਾਤ ਕਰੀਬ 12:45 ਵਜੇ ਏਕਮ ਸਿੰਘ ਨਿਊ ਸਾਊਥ ਵੇਲਜ਼ ਦੀ ਇੱਕ ਪਾਰਕਿੰਗ ਵਿੱਚ ਮੌਜੂਦ ਸੀ ਜਿੱਥੇ ਕੁਝ ਹੋਰ ਨੌਜਵਾਨਾਂ ਨਾਲ ਉਸਦੀ ਬਹਿਸ ਹੋ ਗਈ। ਝਗੜਾ ਵਧਣ ‘ਤੇ ਉਨ੍ਹਾਂ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਏਕਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰਾਂ ਨੇ ਉਸਦੀ ਕਾਰ ਨੂੰ ਵੀ ਅੱਗ ਲਾ ਦਿੱਤੀ।
ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਰਾਜਪੁਰਾ ਸਥਿਤ ਪਰਿਵਾਰ ਵਿਅਕੁਲ ਹੈ। ਮ੍ਰਿਤਕ ਦੀ ਦਾਦੀ ਮਨਮੋਹਨ ਕੌਰ ਘਰ ਵਿੱਚ ਲਗਾਤਾਰ ਰੋ ਰਹੀ ਹੈ ਅਤੇ ਉਸ ਦੀ ਹਾਲਤ ਬਹੁਤ ਨਾਜੁਕ ਦੱਸੀ ਜਾ ਰਹੀ ਹੈ।
ਆਸਟ੍ਰੇਲੀਆਈ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ।