ਨਵੀਂ ਦਿੱਲੀ – ਨੈਸ਼ਨਲ ਹੈਰਾਲਡ ਮਾਮਲੇ ਦੀ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ, 15 ਅਪ੍ਰੈਲ 2025 ਨੂੰ ਕਾਂਗਰਸ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਸੈਮ ਪਿਤਰੋਦਾ ਅਤੇ ਸੁਮਨ ਦੂਬੇ ਖਿਲਾਫ ਅਧਿਕਾਰਿਕ ਤੌਰ ‘ਤੇ ਚਾਰਜਸ਼ੀਟ ਦਾਇਰ ਕਰ ਦਿੱਤੀ। ਇਹ ਚਾਰਜਸ਼ੀਟ 9 ਅਪ੍ਰੈਲ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ।
ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ 25 ਅਪ੍ਰੈਲ 2025 ਨੂੰ ਅਗਲੀ ਸੁਣਵਾਈ ਦੀ ਤਾਰੀਖ ਤੈਅ ਕੀਤੀ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਉਸ ਦਿਨ ਈ.ਡੀ. ਦੇ ਵਿਸ਼ੇਸ਼ ਵਕੀਲ ਅਤੇ ਜਾਂਚ ਅਧਿਕਾਰੀ ਕੇਸ ਡਾਇਰੀ ਲੈ ਕੇ ਹਾਜ਼ਰ ਹੋਣ।
ਚਾਰਜਸ਼ੀਟ ਵਿੱਚ ਲਗਾਇਆ ਗਿਆ ਹੈ ਕਿ ਗਾਂਧੀ ਪਰਿਵਾਰ ਨੇ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਰਾਹੀਂ ਐਸੋਸੀਏਟਿਡ ਜਰਨਲਜ਼ ਲਿਮਟਿਡ (ਏ.ਜੇ.ਐਲ.) ਦੀਆਂ ਕੀਮਤੀ ਜਾਇਦਾਦਾਂ ਨੂੰ ਥੱਗੀ ਨਾਲ ਆਪਣੇ ਨਾਂ ਕਰਵਾਇਆ। ਯੰਗ ਇੰਡੀਅਨ ਵਿੱਚ ਸੋਨੀਆ ਅਤੇ ਰਾਹੁਲ ਦੀ 38-38 ਫੀਸਦੀ ਹਿੱਸੇਦਾਰੀ ਹੈ। ਏ.ਜੇ.ਐਲ. ਉਹ ਕੰਪਨੀ ਹੈ ਜੋ ਨੈਸ਼ਨਲ ਹੈਰਾਲਡ ਅਖਬਾਰ ਛਾਪਦੀ ਸੀ।
ਈ.ਡੀ. ਨੇ 661 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਦੀ ਜ਼ਬਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦਿੱਲੀ, ਮੁੰਬਈ ਅਤੇ ਲਖਨਊ ਵਿੱਚ ਸਥਿਤ ਸੰਪਤੀਆਂ ਸਬੰਧੀ ਰਜਿਸਟਰਾਰਾਂ ਨੂੰ ਨੋਟਿਸ ਜਾਰੀ ਹੋ ਚੁੱਕੇ ਹਨ। ਖਾਸ ਤੌਰ ‘ਤੇ ਦਿੱਲੀ ਦੇ ਬਹਾਦੁਰ ਸ਼ਾਹ ਜ਼ਫਰ ਮਾਰਗ ‘ਤੇ ਸਥਿਤ ਹੈਰਾਲਡ ਹਾਊਸ ਅਤੇ ਮੁੰਬਈ ਦੇ ਬਾਂਦਰਾ ਇਲਾਕੇ ਦੀ ਜਾਇਦਾਦ ਵੀ ਕਾਰਵਾਈ ਹੇਠ ਆ ਚੁੱਕੀ ਹੈ।
ਇਹ ਮਾਮਲਾ ਪਹਿਲੀ ਵਾਰ 2014 ਵਿੱਚ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਵੱਲੋਂ ਪਟਿਆਲਾ ਹਾਊਸ ਕੋਰਟ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਗਾਂਧੀ ਪਰਿਵਾਰ ਨੇ ਸਿਰਫ਼ 50 ਲੱਖ ਰੁਪਏ ਦੇ ਕੇ 2,000 ਕਰੋੜ ਰੁਪਏ ਦੀ ਜਾਇਦਾਦ ਵਾਲੀ ਏ.ਜੇ.ਐਲ. ਨੂੰ ਕਬਜ਼ੇ ਵਿੱਚ ਲੈ ਲਿਆ।
ਨਵੰਬਰ 2023 ਵਿੱਚ ਈ.ਡੀ. ਨੇ 661 ਕਰੋੜ ਦੀ ਅਚੱਲ ਜਾਇਦਾਦ ਅਤੇ 90.2 ਕਰੋੜ ਦੇ ਸ਼ੇਅਰ ਅਸਥਾਈ ਤੌਰ ‘ਤੇ ਜ਼ਬਤ ਕੀਤੇ ਸਨ। ਅਪ੍ਰੈਲ 2024 ਵਿੱਚ, ਇਸ ਜ਼ਬਤੀ ਨੂੰ ਨਿਰਣਾਇਕ ਅਥਾਰਟੀ ਵੱਲੋਂ ਵੀ ਮਨਜ਼ੂਰੀ ਮਿਲ ਚੁੱਕੀ ਸੀ।